ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦਿਹਾਂਤ
ਪਿਛਲੇ ਕਈ ਦਿਨਾਂ ਤੋਂ ਚਲ ਰਹੇ ਸੀ ਬਿਮਾਰ, ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ
ਨਵੀਂ ਦਿੱਲੀ – ਪਿਛਲੇ ਕਈ ਦਿਨਾਂ ਤੋਂ ਏਮਜ਼ ਵਿੱਚ ਦਾਖਲ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੇ ਦਿੱਗਜ ਨੇਤਾ ਸ਼੍ਰੀ ਅਰੁਣ ਜੇਤਲੀ ਦਾ ਅੱਜ ਦਿਹਾਂਤ ਹੋ ਗਿਆ| ਉਹ 66 ਸਾਲ ਦੇ ਸਨ| ਸਾਹ ਲੈਣ ਵਿੱਚ ਦਿੱਕਤ ਤੋਂ ਬਾਅਦ ਸ਼੍ਰੀ ਜੇਤਲੀ ਨੂੰ ਬੀਤੀ 9 ਅਗਸਤ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਵਿੱਚ ਦਾਖਲ ਕਰਵਾਇਆ ਗਿਆ ਸੀ| ਜੇਤਲੀ ਨੇ ਦੁਪਹਿਰ 12 ਵਜ ਕੇ 7 ਮਿੰਟ ਤੇ ਆਖਰੀ ਸਾਹ ਲਿਆ| ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਸ਼੍ਰੀ ਅਰੁਣ ਜੇਤਲੀ ਵਿੱਤ ਮੰਤਰੀ ਸਨ| ਉਨ੍ਹਾਂ ਨੇ ਰੱਖਿਆ ਮੰਤਰਾਲੇ ਦਾ ਕਾਰਜਕਾਲ ਵੀ ਸੰਭਾਲਿਆ ਸੀ ਅਤੇ ਕਈ ਵਾਰ ਉਹ ਸਰਕਾਰ ਦੇ ਮੁੱਖ ਸੰਕਟਮੋਚਕ ਵੀ ਸਿੱਧ ਹੋਏ ਸਨ| ਸ਼੍ਰੀ ਜੇਤਲੀ ਪਿਛਲੇ ਦੋ ਸਾਲਾਂ ਤੋਂ ਠੀਕ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਇਸ ਸਾਲ ਲੋਕ ਸਭਾ ਚੋਣ ਵੀ ਨਹੀਂ ਲੜੀ ਸੀ| ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋਇਆ ਸੀ| ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਕਈ ਵਾਰ ਪਿਊਸ਼ ਗੋਇਲ ਨੂੰ ਦਿੱਤਾ ਗਿਆ ਸੀ| ਇਸ ਸਾਲ ਫਰਵਰੀ ਵਿੱਚ ਉਹ ਇਲਾਜ ਲਈ ਅਮਰੀਕਾ ਵੀ ਗਏ ਸਨ, ਜਿਸ ਕਾਰਨ ਉਹ ਅੰਤਰਿਮ ਬਜਟ ਪੇਸ਼ ਨਹੀਂ ਕਰ ਸਕੇ ਸਨ|ਮਈ 2019 ਵਿੱਚ ਭਾਜਪਾ ਦੀ ਦੁਬਾਰਾ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਸਿਹਤ ਕਾਰਨਾਂ ਕਰਕੇ ਨਵੀਂ ਸਰਕਾਰ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਚਾਹੁੰਦੇ| ਸ਼੍ਰੀ ਅਰੁਣ ਜੇਤਲੀ ਨੇ ਪੱਤਰ ਵਿੱਚ ਲਿਖਿਆ ਸੀ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ|ਭਾਜਪਾ ਦੀ ਸੂਬਾ ਕਾਜਕਾਰਨੀ ਦੇ ਮੈਂਬਰ ਸ੍ਰੀ ਸੁਖਵਿੰਦਰ ਸਿੰਘ ਗੋਲਡੀ, ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਅਰੁਣ ਸ਼ਰਮਾ ਅਤੇ ਨਰਿੰਦਰ ਰਾਣਾ, ਸ੍ਰੀ ਅਸ਼ੋਕ ਝਾਅ, ਬੌਬੀ ਕੰਬੋਜ ਅਤੇ ਸੈਬੀ ਆਨੰਦ (ਤਿੰਨੇ ਕੌਂਸਲਰ), ਮਾਨਸੀ ਚੌਧਰੀ, ਪ੍ਰਧਾਨ ਮਹਿਲਾ ਮੋਰਚਾ ਜਿਲ੍ਹਾ ਮੁਹਾਲੀ, ਸ੍ਰੀ ਸੋਹਣ ਸਿੰਘ, ਅਨਿਲ ਕੁਮਾਰ ਗੁੱਡੂ, ਦਿਨੇਸ਼ ਕੁਮਾਰ ਅਤੇ ਪਵਨ ਮਨੋਚਾ (ਸਾਰੇ ਮੰਡਲ ਪ੍ਰਧਾਨ), ਉਮਾ ਕਾਂਤ ਤਿਵਾੜੀ, ਅਭਿਨਵ ਸ਼ਰਮਾ, ਕਿਰਨ ਗੁਪਤਾ, ਜਗਮੋਹਨ ਸਿੰਘ ਵਲੋਂ ਸ੍ਰੀ ਜੇਤਲੀ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ|ਭਲਕੇ ਹੋਵੇਗਾ ਅੰਤਿਮ ਸੰਸਕਾਰ : ਭਾਜਪਾ ਨੇਤਾ ਸੁਧਾਂਸ਼ੂ ਮਿੱਤਲ ਨੇ ਦੱਸਿਆ ਕਿ ਸ੍ਰੀ ਅਰੁਣ ਜੇਤਲੀ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਨਿਗਮਬੋਧ ਘਾਟ ਤੇ ਕੀਤਾ ਜਾਵੇਗਾ| ਜੇਤਲੀ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਕੈਲਾਸ਼ ਕਾਲੋਨੀ ਸਥਿਤ ਘਰ ਲਿਜਾਇਆ ਜਾਵੇਗਾ|ਉਹਨਾਂ ਦੱਸਿਆ ਕਿ ਐਤਵਾਰ ਸਵੇਰੇ ਉਨ੍ਹਾਂ ਦਾ ਮ੍ਰਿਤਕ ਸਰੀਰ ਭਾਜਪਾ ਹੈਡ ਕੁਆਰਟਰ ਲਿਜਾਇਆ ਜਾਵੇਗਾ, ਜਿੱਥੇ ਸਿਆਸੀ ਦਲਾਂ ਦੇ ਨੇਤਾ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣਗੇ| ਭਾਜਪਾ ਹੈਡ ਕੁਆਰਟਰ ਤੋਂ ਮ੍ਰਿਤਕ ਸਰੀਰ ਨੂੰ ਅੰਤਿਮ ਸੰਸਕਾਰ ਲਈ ਨਿਗਮਬੋਧ ਘਾਟ ਲਿਜਾਇਆ ਜਾਵੇਗਾ|