December 8, 2024
#ਭਾਰਤ

ਮਹਾਰਾਸ਼ਟਰ ਵਿੱਚ ਇਮਾਰਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ

ਭਿਵੰਡੀ – ਮਹਾਰਾਸ਼ਟਰ ਦੇ ਭਿਵੰਡੀ-ਨਿਜਾਮਪੁਰ ਵਿੱਚ ਬੀਤੀ ਰਾਤ ਇੱਕ ਚਾਰ ਮੰਜ਼ਲਾਂ ਇਮਾਰਤ ਦੇ ਡਿੱਗ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ| ਇਸ ਇਮਾਰਤ ਦੇ ਮਲਬੇ ਵਿੱਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ| ਪੁਲੀਸ ਅਤੇ ਐਨ. ਡੀ. ਆਰ. ਐਫ. ਦੀ ਟੀਮ ਰਾਹਤ ਤੇ ਬਚਾਅ ਕਾਰਜ ਵਿੱਚ ਜੁਟੀ ਹੈ| ਭਿਵੰਡੀ-ਨਿਜਾਮਪੁਰ ਨਗਰ ਨਿਗਮ ਦੇ ਕਮਿਸ਼ਨਰ ਅਸ਼ੋਕ ਰਣਖੰਭ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਮਾਰਤ ਦਾ ਥੰਮ੍ਹ (ਪਿੱਲਰ) ਟੁੱਟ ਸਕਦਾ ਹੈ| ਐਮਰਜੈਂਸੀ ਟੀਮ ਇੱਥੇ ਪੁੱਜੀ ਅਤੇ ਜਾਂਚ ਮਗਰੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਮਾਰਤ ਡਿੱਗ ਸਕਦੀ ਹੈ ਜਿਸਤੋਂ ਬਾਅਦ ਪੂਰੀ ਇਮਾਰਤ ਖਾਲੀ ਕਰਵਾ ਲਈ ਗਈ ਸੀ ਪਰ ਕੁੱਝ ਲੋਕ ਬਿਨਾ ਇਜਾਜ਼ਤ ਦੇ ਇਮਾਰਤ ਵਿੱਚ ਦਾਖਲ ਹੋਏ ਅਤੇ ਇਮਾਰਤ ਡਿੱਗ ਗਈ| ਮਲਬੇ ਵਿੱਚ ਦੱਬੇ 4 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਜਿਸ ਵਿੱਚੋਂ ਇਕ ਦੀ ਮੌਤ ਹੋ ਗਈ| ਇਹ ਇਮਾਰਤ 8 ਸਾਲ ਪੁਰਾਣੀ ਸੀ ਅਤੇ ਗੈਰ ਕਾਨੂੰਨੀ ਰੂਪ ਨਾਲ ਬਣਾਈ ਗਈ ਸੀ|