November 9, 2024
#ਦੇਸ਼ ਦੁਨੀਆਂ

ਉੱਤਰੀ ਕੋਰੀਆ ਵਲੋਂ ਫਿਰ ਘੱਟ ਦੂਰੀ ਦੀਆਂ ਦੋ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ

ਸਿਓਲ – ਉੱਤਰੀ ਕੋਰੀਆ ਨੇ ਅੱਜ ਘੱਟ ਦੂਰੀ ਵਾਲੀਆਂ ਦੋ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ| ਅਮਰੀਕਾ ਅਤੇ ਦੱਖਣੀ ਕੋਰੀਆ ਦੇ ਸਾਂਝੇ ਅਭਿਆਸ ਦੇ ਵਿਰੋਧ ਵਿੱਚ ਉਹ ਲਗਾਤਾਰ ਮਿਜ਼ਾਇਲਾਂ ਦਾ ਪ੍ਰੀਖਣ ਕਰ ਰਿਹਾ ਹੈ| ਇਸੇ ਤਹਿਤ ਇਹ ਉਸ ਦਾ ਤਾਜਾ ਪ੍ਰੀਖਣ ਹੈ| ਦੱਖਣੀ ਕੋਰੀਆ ਦੇ ‘ਜੁਆਇੰਟ ਚੀਫ ਆਫ ਸਟਾਫ’ ਨੇ ਅੱਜ ਕਿਹਾ,”ਫੌਜ ਨੇ ਦੋ ਮਿਜ਼ਾਇਲਾਂ ਨੂੰ ਦੇਖਿਆ| ਅਜਿਹਾ ਮੰਨਿਆ ਜਾ ਰਿਹਾ ਹੈ ਇਹ ਘੱਟ ਦੂਰੀ ਵਾਲੀਆਂ ਬੈਲਿਸਟਿਕ ਮਿਜ਼ਾਇਲਾਂ ਸਨ| ਮਿਜ਼ਾਇਲਾਂ ਜਾਪਾਨ ਸਾਗਰ ਵਿੱਚ ਡਿੱਗਣ ਤੋਂ ਪਹਿਲਾਂ 380 ਕਿਲੋਮੀਟਰ ਤਕ ਹਵਾ ਵਿੱਚ ਰਹੀਆਂ ਅਤੇ 97 ਕਿਲੋਮੀਟਰ ਦੀ ਉਚਾਈ ਤਕ ਪੁੱਜੀਆਂ| ਉਨ੍ਹਾਂ ਨੇ ਇਕ ਬਿਆਨ ਵਿੱਚ ਕਿਹਾ,”ਨਵੇਂ ਪ੍ਰੀਖਣਾਂ ਸਬੰਧੀ ਸਾਡੀ ਫੌਜ ਤੇਜ਼ੀ ਨਾਲ ਉੱਤਰੀ ਕੋਰੀਆ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ|”ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ‘ਬਲੂ ਹਾਊਸ’ ਨੇ ਕਿਹਾ ਕਿ ਉਹ ਉੱਤਰੀ ਕੋਰੀਆ ਦੇ ਹਥਿਆਰਾਂ ਦੇ ਪ੍ਰੀਖਣ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਇਕ ਬੈਠਕ ਕਰੇਗਾ| ਪਿਯੋਂਗਯਾਂਗ ਦੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਨਿਸ਼ਾਨਾ ਲਗਾਉਣ ਮਗਰੋਂ ਇਹ ਪ੍ਰੀਖਣ ਕੀਤਾ ਗਿਆ ਹੈ| ਅਮਰੀਕੀ ਡਿਪਲੋਮੈਟਿਕ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਦੇ ਪੂਰੀ ਤਰ੍ਹਾਂ ਪ੍ਰਮਾਣੂ ਨਿਸ਼ਸਤਰੀਕਰਣ ਹੋਣ ਤਕ ਅਮਰੀਕਾ ਉਸ ਤੇ ਸਖਤ ਰੋਕ ਜਾਰੀ ਰੱਖੇਗਾ| ਇਸ ਦੇ ਬਾਅਦ ਪਿਯੋਂਗਯਾਂਗ ਨੇ ਪੋਂਪੀਓ ਨੂੰ ‘ਬਹੁਤ ਜ਼ਹਿਰੀਲਾ’ ਕਿਹਾ ਸੀ| ਅਮਰੀਕਾ ਅਤੇ ਦੱਖਣੀ ਕੋਰੀਆ ਦੀ ਫੌਜ ਦੀ ਸਾਂਝੀ ਮੁਹਿੰਮ ਖਿਲਾਫ ਉੱਤਰੀ ਕੋਰੀਆ ਨੇ ਹਾਲ ਹੀ ਦੇ ਹਫਤੇ ਵਿੱਚ ਘੱਟ ਦੂਰੀ ਦੀਆਂ ਕਈ ਮਿਜ਼ਾਇਲਾਂ ਦਾਗੀਆਂ ਸਨ|