ਸਿੰਧੂ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਖ਼ਿਤਾਬ
ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ। ਸਿੰਧੂ ਨੇ ਜਾਪਾਨ ਦੀ ਖਿਡਾਰਨ ਨੋਜ਼ੋਮੀ ਓਕੂਹਾਰਾ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ। ਅੱਜ ਹੈਦਰਾਬਾਦ ਦੀ ਇਸ ਖਿਡਾਰਨ ਦੀ ਮਾਂ ਦਾ ਜਨਮ ਦਿਨ ਹੈ। ਪੀਵੀ ਸਿੰਧੂ ਨੇ ਇਸ ਦੇ ਨਾਲ ਹੀ ਆਪਣੇ ਕੋਚ ਪੁਲੇਲਾ ਗੋਪੀਚੰਦ ਅਤੇ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ। ਸਿੰਧੂ ਨੇ ਮੈਚ ਮਗਰੋਂ ਕਿਹਾ, ‘‘ਪਿਛਲੀ ਵਾਰ ਮੈਂ ਫਾਈਨਲ ਵਿੱਚ ਹਾਰ ਗਈ ਸੀ, ਉਸ ਤੋਂਂ ਪਹਿਲਾਂ ਫਾਈਨਲ ਵਿੱਚ ਵੀ ਹਾਰ ਗਈ ਸੀ। ਅਜਿਹੇ ਵਿੱਚ ਇਸ ਵਾਰ ਜਿੱਤ ਦਰਜ ਕਰਨਾ ਮੇਰੇ ਲਈ ਕਾਫ਼ੀ ਜ਼ਰੂਰੀ ਸੀ। ਮੈਂ ਹੌਸਲਾ ਅਫ਼ਜ਼ਾਈ ਲਈ ਇੱਥੋਂ ਦੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੂੰਗੀ। ਮੈਂ ਇਹ ਆਪਣੇ ਦੇਸ਼ ਲਈ ਖ਼ਿਤਾਬ ਜਿੱਤਿਆ ਹੈ ਅਤੇ ਮੈਨੂੰ ਭਾਰਤੀ ਹੋਣ ’ਤੇ ਮਾਣ ਹੈ।’’ ਉਸ ਨੇ ਕਿਹਾ, ‘‘ਮੇਰੇ ਕੋਚ ਗੋਪੀ ਸਰ ਅਤੇ ਕਿਮ ਦੇ ਸਹਿਯੋਗ ਕਾਰਨ ਮੈਂ ਉਨ੍ਹਾਂ ਦੀ ਰਿਣੀ ਹਾਂ। ਮੈਂ ਇਸ ਜਿੱਤ ਨੂੰ ਆਪਣੀ ਮਾਂ ਦੇ ਨਾਮ ਕਰੂੰਗੀ, ਅੱਜ ਉਨ੍ਹਾਂ ਦਾ ਜਨਮ ਦਿਨ ਹੈ।’’ ਸਿੰਧੂ ਇਸ ਤੋਂ ਪਹਿਲਾਂ 2017 ਅਤੇ 2018 ਦੇ ਫਾਈਨਲ ਵਿੱਚ ਕ੍ਰਮਵਾਰ ਓਕੂਹਾਰਾ ਅਤੇ ਸਪੇਨ ਦੀ ਕੈਰੋਲੀਨ ਮਾਰੀਨ ਤੋਂ ਹਾਰ ਗਈ ਸੀ, ਜਿਸ ਕਾਰਨ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਉਸ ਨੇ ਇਸ ਤੋਂ ਪਹਿਲਾਂ 2013 ਅਤੇ 2014 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।