March 27, 2025
#ਭਾਰਤ

ਕਸ਼ਮੀਰ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਵਰ੍ਹੀ ਪ੍ਰਿਅੰਕਾ ਗਾਂਧੀ

ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਸ ਨੂੰ ਰਾਸ਼ਟਰ ਵਿਰੋਧੀ ਕਦਮ ਦੱਸਿਆ। ਪ੍ਰਿਅੰਕਾ ਦਾ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਜੰਮੂ-ਕਸ਼ਮੀਰ ਗਏ ਰਾਹੁਲ ਗਾਂਧੀ ਸਮੇਤ ਵਿਰੋਧ ਧਿਰ ਦੇ ਨੇਤਾਵਾਂ ਨੂੰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ। ਪ੍ਰਿਅੰਕਾ ਨੇ ਟਵੀਟ ਕਰ ਕੇ ਕਿਹਾ, ”ਕਸ਼ਮੀਰ ਵਿਚ ਲੋਕਤੰਤਰੀ ਅਧਿਕਾਰਾਂ ਨੂੰ ਖਤਮ ਕਰਨ ਤੋਂ ਜ਼ਿਆਦਾ ਰਾਜਨੀਤਕ ਅਤੇ ਰਾਸ਼ਟਰ ਵਿਰੋਧੀ ਚੀਜ਼ਾਂ ਕੁਝ ਹੋਰ ਨਹੀਂ ਹੋ ਸਕਦੀਆਂ। ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਦੇ ਵਿਰੁੱਧ ਆਵਾਜ਼ ਚੁੱਕੀਏ। ਅਸੀਂ ਅਜਿਹਾ ਕਰਨਾ ਬੰਦ ਨਹੀਂ ਕਰਾਂਗੇ।”ਉਨ੍ਹਾਂ ਨੇ ਇਹ ਗੱਲ ਇਕ ਵੀਡੀਓ ਦੇ ਸੰਦਰਭ ‘ਚ ਲਿਖੀ, ਜਿਸ ਵਿਚ ਜਹਾਜ਼ ਵਿਚ ਇਕ ਔਰਤ ਰਾਹੁਲ ਗਾਂਧੀ ਨੂੰ ਕਸ਼ਮੀਰ ਦੇ ਹਾਲਾਤ ‘ਤੇ ਗੱਲ ਕਰਦੀ ਹੈ। ਪ੍ਰਿਅੰਕਾ ਨੇ ਅੱਗੇ ਲਿਖਿਆ, ”ਇਹ ਕਦੋਂ ਤਕ ਜਾਰੀ ਰਹੇਗਾ? ਇਹ ਸਾਡੇ ਲੱਖਾਂ ਲੋਕਾਂ ਵਿਚੋਂ ਹਨ, ਜਿਨ੍ਹਾਂ ਨੂੰ ਚੁੱਪ ਕਰਾਇਆ ਜਾ ਰਿਹਾ ਹੈ ਅਤੇ ਰਾਸ਼ਟਰਵਾਦ ਦੇ ਨਾਮ ‘ਤੇ ਕੁਚਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਧਾਰਾ-370 ਹਟਣ ਤੋਂ ਕਰੀਬ 20 ਦਿਨ ਬਾਅਦ ਸ਼ਨੀਵਾਰ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਸ਼੍ਰੀਨਗਰ ਪੁੱਜੇ ਇਕ ਵਫਦ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ।