February 12, 2025
#ਪੰਜਾਬ

ਕੈਬਨਿਟ ਮੰਤਰੀ ਆਸ਼ੂ ਨੇ ਮੁੱਖ ਮੰਤਰੀ ਦੇ ਦਬਾਅ ਮਗਰੋਂ ਪੰਜਾਬ ਨੂੰ ਕੇਂਦਰੀ ਟੀਮ ਦੇ ਦੌਰਿਆਂ ਦੀ ਸੂਚੀ ‘ਚ ਸ਼ਾਮਿਲ ਕਰਨ ਲਈ ਧੰਨਵਾਦ ਕੀਤਾ

ਪੰਜਾਬ ਨੂੰ ਵੀ ਬਾਕੀ ਸੂਬਿਆਂ ਦੇ ਬਰਾਬਰ ਤਰਜੀਹ ਦੇਵੇ ਕੇਂਦਰ ਸਰਕਾਰ-ਆਸ਼ੂ

ਚੰਡੀਗੜ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਬਾਅ ਮਗਰੋਂ ਆਪਣੀ ਅੰਤਰ ਮੰਤਰਾਲਾ ਕੇਂਦਰੀ ਟੀਮ (ਆਈ.ਐਮ.ਸੀ.ਟੀ.) ਦੇ ਸੂਬਿਆਂ ਦੇ ਦੌਰਿਆਂ ਵਾਲੀ ਸੂਚੀ ‘ਚ ਪੰਜਾਬ ਨੂੰ ਵੀ ਸ਼ਾਮਲ ਕਰਨ ‘ਤੇ ਜਿੱਥੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ, ਉਥੇ ਹੀ ਰਾਜ ‘ਚ ਹੜਾਂ ਕਰਕੇ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਨ ‘ਤੇ ਵੀ ਜ਼ੋਰ ਦਿੱਤਾ ਹੈ। ਸ੍ਰੀ ਆਸ਼ੂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਨੂੰ ਵੀ ਬਾਕੀ ਸੂਬਿਆਂ ਦੇ ਬਰਾਬਰ ਤਰਜੀਹ ਦੇ ਕੇ ਕੁਦਰਤੀ ਕਰੋਪੀ ਲਈ ਪੰਜਾਬ ਦੀਆਂ ਮੰਗਾਂ ਮੁਤਾਬਕ ਤੁਰੰਤ ਰਾਹਤ ਪ੍ਰਦਾਨ ਕਰੇ।ਸ੍ਰੀ ਆਸ਼ੂ ਨੇ ਅੱਜ ਇੱਥੇ ਦੱਸਿਆ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੜਾਂ ਤੋਂ ਪ੍ਰਭਾਵਤ ਦੇਸ਼ ਦੇ 11 ਸੂਬਿਆਂ ਦੀ ਤਿਆਰ ਕੀਤੀ ਸੂਚੀ ‘ਚੋਂ ਪੰਜਾਬ ਨੂੰ ਬਾਹਰ ਰੱਖਿਆ ਸੀ ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਕੀਤੀ ਬੇਨਤੀ ਦੇ ਤੁਰੰਤ ਬਾਅਦ ਕੇਂਦਰੀ ਗ੍ਰਹਿ ਸਕੱਤਰ ਨੇ ਇਸ ਕੇਂਦਰੀ ਟੀਮ ਦੇ ਦੌਰਿਆਂ ਦੀ ਸੂਚੀ ‘ਚ ਪੰਜਾਬ ਨੂੰ ਸ਼ਾਮਲ ਕਰਨ ਬਾਰੇ ਸੂਚਿਤ ਕੀਤਾ ਸੀ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਸੀ ਕਿ ਸੂਬਾ ਮੋਹਲੇਧਾਰ ਮੀਂਹ ਪੈਣ ਨਾਲ ਕਈ ਇਲਾਕਿਆਂ ਵਿੱਚ ਭਾਰੀ ਹੜਾਂ ਨਾਲ ਜੂਝ ਰਿਹਾ ਸੀ ਪਰ ਕੇਂਦਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਪੰਜਾਬ ਵਿੱਚ ਹੜਾਂ ਕਰਕੇ ਨੁਕਸਾਨ ਕਿਤੇ ਜ਼ਿਆਦਾ ਹੋਇਆ ਹੈ, ਜਿਥੇ 87 ਦੇ ਕਰੀਬ ਪਿੰਡ ਅਤੇ 10,000 ਦੇ ਕਰੀਬ ਲੋਕ ਸਿੱਧੇ ਤੌਰ ‘ਤੇ ਪ੍ਰਭਾਵਤ ਹੋਏ ਹਨ ਅਤੇ 20 ਦੇ ਕਰੀਬ ਪਿੰਡਾਂ ਦਾ ਸੰਪਰਕ ਪਾਣੀ ਦੀ ਮਾਰ ਕਰਕੇ ਟੁੱਟ ਗਿਆ ਹੈ। ਉਨਾਂ ਦੱਸਿਆ ਕਿ ਭਾਂਵੇਂ ਰਾਜ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਐਨ.ਡੀ.ਆਰ.ਐਫ., ਫ਼ੌਜ ਤੇ ਹੋਰ ਸੰਸਥਾਵਾਂ ਦੀ ਸਹਾਇਤਾ ਨਾਲ ਕਾਫ਼ੀ ਹੱਦ ਤੱਕ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿੰਨਾਂ ਨੁਕਸਾਨ ਹੋਇਆ ਹੈ ਉਸ ਲਈ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ ਰਾਹਤ ਪੈਕੇਜ਼ ਵੀ ਨਾਕਾਫ਼ੀ ਹੈ। ਕੈਬਨਿਟ ਮੰਤਰੀ ਨੇ ਉਮੀਦ ਜਤਾਈ ਕਿ ਕੇਂਦਰ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਨੂੰ ਮੰਨਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਰਾਜ ਦੀਆਂ ਮੰਗਾਂ ਦੇ ਸਨਮੁੱਖ ਪੰਜਾਬ ਨੂੰ ਵੀ ਬਾਕੀ ਸੂਬਿਆਂ ਦੇ ਬਰਾਬਰ ਤਰਜੀਹ ਦੇਵੇਗੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਹੜਾਂ ਨਾਲ ਲਗਭਗ 1700 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ ਹੈ, ਇਸ ਲਈ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਤਾਜਾ ਪ੍ਰਸਥਿਤੀਆਂ ਨੂੰ ਦੇਖਦਿਆਂ ਦਿਲ ਖੋਲ ਕੇ ਪੰਜਾਬ ਦੀ ਇਮਦਾਦ ਕਰੇ। ਇਸੇ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਆਮ ਲੋਕਾਂ ਖਾਸ ਕਰਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਜ ਦੇ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਸਰਕਾਰ ਦਾ ਮੋਢਾ ਨਾਲ ਮੋਢਾ ਜੋੜ ਕੇ ਸਾਥ ਦੇਣ ਅਤੇ ਮੁੱਖ ਮੰਤਰੀ ਰਾਹਤ ਫੰਡ ‘ਚ ਆਪਣਾ ਯੋਗਦਾਨ, ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਖਾਤਾ ਨੰ: ਅਤੇ ਆਈ.ਐਫ.ਐਸ.ਸੀ. ਕੋਡ-ਰਾਹੀਂ ਪਾਇਆ ਜਾ ਸਕਦਾ ਹੈ।ਸ੍ਰੀ ਆਸ਼ੂ ਨੇ ਦੱਸਿਆ ਕਿ ਉਨਾਂ ਨੇ ਹੜਾਂ ਦਾ ਜਾਇਜ਼ਾ ਲੈਣ ਦੌਰਾਨ ਦੇਖਿਆ ਕਿ ਸਮਾਜ ਸੇਵੀ ਜਥੇਬੰਦੀਆਂ, ਗੁਰੂ ਘਰਾਂ, ਕਾਰ ਸੇਵਾ ਸਮੇਤ ਬਹੁਤ ਲੋਕਾਂ ਵੱਲੋਂ ਰਾਹਤ ਕਾਰਜਾਂ ‘ਚ ਮਦਦ ਕੀਤੀ ਜਾ ਰਹੀ ਹੈ। ਉਨਾਂ ਨੇ ਪੰਜਾਬ ਦੇ ਵਿਧਾਇਕਾਂ ਸਮੇਤ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ‘ਚ ਆਪਣਾ ਯੋਗਦਾਨ ਪਾਉਣ ਦੀ ਵੀ ਸ਼ਲਾਘਾ ਕੀਤੀ।