December 4, 2024
#ਪ੍ਰਮੁੱਖ ਖ਼ਬਰਾਂ #ਭਾਰਤ

ਚਿਦਾਂਬਰਮ ਨੂੰ ਜੇਲ ਜਾਂ ਜ਼ਮਾਨਤ, ਸੁਪਰੀਮ ਕੋਰਟ ਚ ਹੋਵੇਗਾ ਫੈਸਲਾ

ਸੁਪਰੀਮ ਕੋਰਟ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ ਕਰੇਗਾ। ਸੁਪਰੀਮ ਕੋਰਟ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਚਿਦਾਂਬਰਮ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਇੱਥੇ ਦੱਸ ਦੇਈਏ ਕਿ ਦਿੱਲੀ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਨਾ ਮਿਲਣ ਤੋਂ ਬਾਅਦ ਸੀ. ਬੀ. ਆਈ. ਨੇ ਚਿਦਾਂਬਰਮ ਨੂੰ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਕਾਂਗਰਸ ਪਾਰਟੀ ਵਲੋਂ ਇਸ ‘ਤੇ ਕਾਫੀ ਹੰਗਾਮਾ ਵੀ ਕੀਤਾ ਗਿਆ ਸੀ। ਰਾਹੁਲ, ਪ੍ਰਿਅੰਕਾ ਗਾਂਧੀ ਚਿਦਾਂਬਰਮ ਦੀ ਸਪੋਰਟ ਵਿਚ ਖੜ੍ਹੇ ਸਨ। ਚਿਦਾਂਬਰਮ ਇਨ੍ਹਾਂ ਦਿਨੀਂ ਆਈ. ਐੱਨ. ਐਕਸ ਮੀਡੀਆ ਮਾਮਲੇ ‘ਚ ਜਾਂਚ ਏਜੰਸੀਆਂ ਦੀ ਸ਼ਿਕੰਜੇ ‘ਚ ਹਨ। ਸੀ. ਬੀ. ਆਈ. ਰਿਮਾਂਡ ਅੱਜ ਖਤਮ ਹੋ ਰਹੀ ਹੈ। ਚਿਦਾਂਬਰਮ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ, ਜਿੱਥੇ ਸੀ. ਬੀ. ਆਈ. ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ। ਹਾਲਾਂਕਿ ਸੁਪਰੀਮ ਕੋਰਟ ‘ਚ ਇਹ ਮਾਮਲਾ ਲਿਸਟ ਨਹੀਂ ਹੋਇਆ ਹੈ। ਜਸਟਿਸ ਭਾਨੂੰਮਤੀ ਨੇ ਦੱਸਿਆ ਕਿ ਚੀਫ ਜਸਟਿਸ ਰੰਜਨ ਗੋਗੋਈ ਤੋਂ ਹੁਣ ਤਕ ਆਗਿਆ ਨਾ ਮਿਲਣ ਕਾਰਨ ਕੇਸ ਦੀ ਲਿਸਟਿੰਗ ਨਹੀਂ ਹੋਈ ਹੈ। ਓਧਰ ਆਈ. ਐੱਨ. ਐਕਸ ਮੀਡੀਆ ਕੇਸ ਦੀ ਵੱਖ ਤੋਂ ਜਾਂਚ ਕਰ ਰਿਹਾ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕਰ ਕੇ ਚਿਦਾਂਬਰਮ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਈ. ਡੀ. ਵੀ ਚਿਦਾਂਬਰਮ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ‘ਚ ਲੱਗਾ ਹੈ।