ਹੜ ਪੀੜਤਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ-ਨਵਤੇਜ ਸਿੰਘ ਚੀਮਾ
ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਸਮੇਤ ਹੜ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ
ਚੰਡੀਗੜ – ਅੱਜ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਸਾਬਕਾ ਕੈਬਨਿਟ ਮੰਤਰੀ ਸ. ਜੋਗਿੰਦਰ ਸਿੰਘ ਮਾਨ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਉਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਪਿੰਡ ਚੰਨਣਵਿੰਡੀ, ਵਾਟਾਂਵਾਲੀ ਕਲਾਂ, ਵਾਟਾਂਵਾਲੀ ਖੁਰਦ, ਸ਼ੇਰਪੁਰ ਸੱਧਾ, ਸੁਚੇਤਗੜ, ਮੀਰਪੁਰ ਆਦਿ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਤੁਰੰਤ ਉਨਾਂ ਦਾ ਹੱਲ ਕੀਤਾ। ਇਸ ਦੌਰੇ ਦੌਰਾਨ ਉਨਾਂ ਹੜ ਪੀੜਤ ਲੋਕਾਂ ਨੂੰ ਉਨਾਂ ਦੇ ਖਾਣ-ਪੀਣ, ਦਵਾਈਆਂ ਅਤੇ ਰਹਿਣ-ਸਹਿਣ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਮੌਜੂਦ ਅਧਿਕਾਰੀਆਂ ਨੂੰ ਤੁਰੰਤ ਇਸ ਦੇ ਹੱਲ ਵਾਸਤੇ ਹਦਾਇਤ ਕੀਤੀ। ਉਨਾਂ ਸਮੁੱਚੇ ਇਲਾਕੇ ਵਿਚ ਪੰਜਾਬ ਸਰਕਾਰ ਵੱਲੋਂ ਭੇਜੀ ਜਾ ਰਹੀ ਰਾਹਤ ਸਮੱਗਰੀ ਦੀ ਸਹੀ ਵੰਡ ਬਾਰੇ ਵੀ ਲੋਕਾਂ ਕੋਲੋਂ ਪੁੱਛਿਆ, ਜਿਸ ‘ਤੇ ਹਾਜ਼ਰ ਲੋਕਾਂ ਨੇ ਤਸੱਲੀ ਪ੍ਰਗਟ ਕੀਤੀ ਅਤੇ ਸੰਕਟ ਦੀ ਇਸ ਘੜੀ ਵਿਚ ਉਨਾਂ ਦੀ ਬਾਂਹ ਫੜਨ ‘ਤੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਵਿਧਾਇਕ ਸ. ਚੀਮਾ ਨੇ ਦੱਸਿਆ ਕਿ ਹੜ ਪ੍ਰਭਾਵਿਤ ਖੇਤਰ ਵਿਚ ਮੈਡੀਕਲ ਟੀਮਾਂ, ਰਾਹਤ ਸਮੱਗਰੀ ਟੀਮਾਂ, ਸੈਨਾ ਅਤੇ ਐਨ. ਡੀ. ਆਰ. ਐਫ ਦੀਆਂ ਟੀਮਾਂ ਦਿਨ-ਰਾਤ ਲੋਕਾਂ ਤੱਕ ਹਰ ਪ੍ਰਕਾਰ ਦੀ ਸੁਵਿਧਾ ਪਹੁੰਚਾਉਣ ਵਿਚ ਲੱਗੀਆਂ ਹੋਈਆਂ ਹਨ। ਉਨਾਂ ਕਿਹਾ ਕਿ ਸਮੁੱਚਾ ਪ੍ਰਸ਼ਾਸਨ ਪ੍ਰਭਾਵਿਤ ਖੇਤਰ ਵਿਚ ਆਪੋ-ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਿਹਾ ਹੈ ਅਤੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦੇ ਰਿਹਾ। ਉਨਾਂ ਦੱਸਿਆ ਕਿ ਅੱਜ ਸਮੁੱਚੇ ਪਿੰਡਾਂ ਵਿਚ ਮੱਛਰਦਾਨੀਆਂ, ਦਵਾਈਆਂ, ਪੀਣ ਵਾਲਾ ਪਾਣੀ ਪਹਿਲ ਦੇ ਆਧਾਰ ‘ਤੇ ਪਹੁੰਚਾਇਆ ਗਿਆ। ਉਨਾਂ ਲੋਕਾਂ ਨੂੰ ਆਗਾਹ ਕੀਤਾ ਕਿ ਕਿਸੇ ਵੀ ਪ੍ਰਕਾਰ ਦੀਆਂ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਚੱਲ ਰਹੇ ਰਾਹਤ ਕਾਰਜਾਂ ਵਿਚ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਾਵੇ। ਜੇਕਰ ਕਿਸੇ ਪ੍ਰਕਾਰ ਦੀ ਕੋਈ ਕਮੀ-ਪੇਸ਼ੀ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਉਨਾਂ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਐਸ. ਡੀ. ਐਮ ਸ੍ਰੀਮਤੀ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਹਲਕੇ ਦੇ ਹੜ ਪ੍ਰਭਾਵਿਤ 23 ਪਿੰਡਾਂ ਵਿਚ 20 ਟੀਮਾਂ ਰਾਹਤ ਕਾਰਜਾਂ ਵਿਚ ਦਿਨ-ਰਾਤ ਜੁੱਟੀਆਂ ਹੋਈਆਂ ਹਨ। ਅੱਜ ਸਮੁੱਚੇ ਪਿੰਡਾਂ ਵਿਚ ਮੱਛਰ ਤੋਂ ਬਚਾਅ ਲਈ ਫੌਗਿੰਗ ਅਤੇ ਸਪਰੇਅ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋਵੇਗਾ। ਇਸ ਮੌਕੇ ਐਸ. ਡੀ. ਐਮ ਸ੍ਰੀਮਤੀ ਨਵਨੀਤ ਕੌਰ ਬੱਲ, ਤਹਿਸੀਲਦਾਰ ਸ੍ਰੀਮਤੀ ਸੀਮਾ ਸਿੰਘ, ਬੀ. ਡੀ. ਪੀ. ਓ ਸ. ਗੁਰਪ੍ਰਤਾਪ ਸਿੰਘ ਗਿੱਲ, ਐਸ. ਐਚ. ਓ ਫੱਤੂਢੀਂਗਾ ਸ. ਚੰਨਣ ਸਿੰਘ, ਬਲਾਕ ਸੰਮਤੀ ਮੈਂਬਰ ਸ. ਰਜਿੰਦਰ ਸਿੰਘ ਤਕੀਆ, ਨਗਰ ਕੌਂਸਲ ਪ੍ਰਧਾਨ ਸ੍ਰੀ ਅਸ਼ੋਕ ਮੋਗਲਾ, ਸਕੱਤਰ ਪ੍ਰਦੇਸ਼ ਕਾਂਗਰਸ ਸ੍ਰੀ ਦੀਪਕ ਧੀਰ ਰਾਜੂ, ਸ. ਗੁਰਪ੍ਰੀਤ ਸਿੰਘ ਫ਼ੌਜੀ ਕਲੋਨੀ, ਸ੍ਰੀ ਸੰਜੀਵ ਮਰਵਾਹਾ, ਸ੍ਰੀ ਬਲਜਿੰਦਰ ਸਿੰਘ ਪੀ. ਏ ਤੇ ਹੋਰ ਹਾਜ਼ਰ ਸਨ।