ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ
ਰਾਹਤ ਸਮੱਗਰੀ ਲਈ ਬਣਾਏ ਡਿਸਪੈਚ ਸੈਂਟਰ ਦਾ ਕੀਤਾ ਨਿਰੀਖਣ
ਚੰਡੀਗੜ – ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੜ ਪ੍ਰਭਾਵਿਤ ਲੋਕਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਕ ਸ. ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਅਤੇ ਪਾਵਰਕਾਮ ਦੇ ਸੀ. ਐਮ. ਡੀ ਸ. ਬਲਦੇਵ ਸਿੰਘ ਸਰਾਂ ਵੀ ਉਨਾਂ ਦੇ ਨਾਲ ਸਨ। ਇਸ ਦੌਰਾਨ ਜਿਥੇ ਉਨਾਂ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਹਾਲਾਤ ਜਾਣੇ, ਉਥੇ ਮਾਰਕੀਟ ਕਮੇਟੀ ਵਿਖੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਵੀ ਰਵਾਨਾ ਕੀਤੀ। ਇਸ ਤੋਂ ਇਲਾਵਾ ਉਨਾਂ ਉਥੇ ਰਾਹਤ ਸਮੱਗਰੀ ਲਈ ਬਣਾਏ ਗਏ ਡਿਸਪੈਚ ਸੈਂਟਰ ਦਾ ਨਿਰੀਖਣ ਵੀ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੰਕਟ ਦੀ ਇਸ ਘੜੀ ਵਿਚ ਸੂਬੇ ਦੇ ਲੋਕਾਂ ਦੇ ਨਾਲ ਖੜੀ ਹੈ ਅਤੇ ਉਨਾਂ ਦੀ ਹਰੇਕ ਤਰਾਂ ਦੀ ਮਦਦ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਹੜ ਪ੍ਰਭਾਵਿਤ ਖੇਤਰਾਂ ਵਿਚ ਲੋੜੀਂਦੀ ਮਾਤਰਾ ਵਿਚ ਰਾਹਤ ਸਮੱਗਰੀ ਅਤੇ ਕੈਟਲ ਫੀਡ ਭੇਜੀ ਗਈ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਉਨਾਂ ਨੂੰ ਸਬੰਧਤ ਪਿੰਡਾਂ ਵਿਚ ਤਾਇਨਾਤ ਕੀਤਾ ਗਿਆ ਹੈ, ਜੋ ਕਿ ਇਨਾਂ ਪਿੰਡਾਂ ਦੇ ਲੋਕਾਂ ਨੂੰ ਮੈਡੀਕਲ, ਵੈਟਰਨਰੀ ਅਤੇ ਖੁਰਾਕ ਸਪਲਾਈ ਦੀਆਂ ਸਹੂਲਤਾਂ ਲਗਾਤਾਰ ਮੁਹੱਈਆ ਕਰਵਾ ਰਹੀਆਂ ਹਨ। ਇਸੇ ਤਰਾਂ ਸੈਨਾ ਅਤੇ ਐਨ. ਡੀ. ਆਰ. ਐਫ ਦੇ ਜਵਾਨਾਂ ਤੋਂ ਇਲਾਵਾ ਵਲੰਟੀਅਰ ਵੀ ਜੰਗੀ ਪੱਧਰ ‘ਤੇ ਬਚਾਅ ਅਤੇ ਰਾਹਤ ਕਾਰਜਾਂ ਵਿਚ ਜੁੱਟੇ ਹੋਏ ਹਨ। ਉਨਾਂ ਕਿਹਾ ਕਿ ਪਾਣੀ ਘਟਣ ਨਾਲ ਬਿਮਾਰੀਆਂ ਫੈਲਣ ਦੇ ਖਦਸ਼ੇ ਨੂੰ ਦੇਖਦਿਆਂ ਸਬੰਧਤ ਖੇਤਰਾਂ ਵਿਚ ਡਾਕਟਰਾਂ ਅਤੇ ਵੈਟਰਨਰੀ ਡਾਕਟਰਾਂ ਦੇ ਅਗਾਊਂ ਪ੍ਰਬੰਧ ਕਰ ਦਿੱਤੇ ਗਏ ਹਨ।ਇਸ ਮੌਕੇ ਪਾਵਰਕਾਮ ਦੇ ਸੀ. ਐਮ. ਡੀ ਸ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਹੜਾਂ ਕਾਰਨ ਸੁਲਤਾਨਪੁਰ ਲੋਧੀ ਦੇ ਪਾਣੀ ਵਿਚ ਘਿਰੇ ਜਿਨਾਂ ਪਿੰਡਾਂ ਵਿਚ ਬਿਜਲੀ ਸਪਲਾਈ ਕੱਟੀ ਗਈ ਹੈ, ਉਨਾਂ ਵਿਚ ਮੰਡ ਇੰਦਰਪੁਰ, ਜਮਾਲੀਵਾਲ, ਮੰਨੂੰ ਮਾਛੀ ਤੋਂ ਇਲਾਵਾ 20-25 ਬੇ-ਚਿਰਾਗ ਪਿੰਡਾਂ ਡੇ ਡੇਰੇ ਜਿਵੇਂ ਕਿ ਕੁਤਬਪੁਰ, ਰਾਮਗੜ ਦਲੇਲੀ, ਮੰਡ ਅੰਦਰੀਸਾ, ਫੱਤੇਵਾਲ, ਬਕਰਕੇ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਨਾਂ ਇਲਾਕਿਆਂ ਵਿਚ 275 ਦੇ ਕਰੀਬ ਕੁਨੈਕਸ਼ਨ ਹਨ। ਉਨਾਂ ਕਿਹਾ ਕਿ ਸਮੇਂ ਸਿਰ ਬਿਜਲੀ ਸਪਲਾਈ ਕੱਟਣ ਕਾਰਨ ਇਥੇ ਬਿਜਲੀ ਨਾਲ ਕੋਈ ਵੀ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।ਇਸ ਮੌਕੇ ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ, ਐਸ. ਐਸ. ਪੀ ਜਲੰਧਰ ਰੂਰਲ ਸ੍ਰੀ ਨਵਜੋਤ ਸਿੰਘ ਮਾਹਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ: ਐਨ. ਕੇ ਸ਼ਰਮਾ, ਚੀਫ ਇੰਜ: ਨਾਰਥ ਜਲੰਧਰ ਜ਼ੋਨ ਇੰਜ: ਸੰਜੀਵ ਕੁਮਾਰ, ਐਸ. ਈ ਇੰਜ: ਇੰਦਰਪਾਲ ਸਿੰਘ ਅਤੇ ਹੋਰ ਹਾਜ਼ਰ ਸਨ।