September 9, 2024
#ਭਾਰਤੀ ਡਾਇਸਪੋਰਾ

ਅੰਤਰਰਾਸਟਰੀ ਨਗਰ ਕੀਰਤਨ ਦਾ ਸ੍ਰੀ ਪਟਨਾ ਸਾਹਿਬ ਵਿਖੇ ਸ਼ਾਨਦਾਰ ਸਵਾਗਤ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਹਜ਼ਾਰੀ ਬਾਗ ਲਈ ਹੋਇਆ ਰਵਾਨਾ

ਅੰਮ੍ਰਿਤਸਰ – ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਆਲਮੀ ਨਗਰ ਕੀਰਤਨ ਦਾ ਸਿੱਖ ਧਰਮ ਦੇ ਮਹਾਨ ਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਵਿਖੇ ਪੁੱਜਣ ’ਤੇ ਹਜ਼ਾਰਾਂ ਸੰਗਤਾਂ ਵੱਲੋਂ ਖਾਲਸਾਈ ਜਾਹੋ-ਜਲਾਲ ਨਾਲ ਸਵਾਗਤ ਕੀਤਾ ਗਿਆ। ਬੀਤੀ ਰਾਤ ਨਗਰ ਕੀਰਤਨ ਦੇ ਇਥੇ ਪੁੱਜਣ ਸਮੇਂ ਸਵਾਗਤ ਕਰਨ ਵਾਲਿਆਂ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਾਜਿੰਦਰ ਸਿੰਘ ਤੇ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।ਦਸਣਯੋਗ ਹੈ ਕਿ ਇਹ ਅੰਤਰਰਾਸਟਰੀ ਨਗਰ ਕੀਰਤਨ ਪੰਜਾਂ ਤਖਤਾਂ ਦੀ ਯਾਤਰਾ ਕਰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਸੰਪੂਰਨ ਹੋਣਾ ਹੈ। ਇਸ ਤੋਂ ਪਹਿਲਾਂ ਇਹ ਨਗਰ ਕੀਰਤਨ ਦੋ ਤਖ਼ਤ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਦਾ ਹੋਇਆ ਪਟਨਾ ਸਾਹਿਬ ਪੁੱਜਾ। ਇਸੇ ਦੌਰਾਨ ਰਾਤ ਦੇ ਵਿਸ਼ਰਾਮ ਮਗਰੋਂ ਅੱਜ ਇਹ ਨਗਰ ਕੀਰਤਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਅਗਲੇ ਪੜਾਅ ਹਜ਼ਾਰੀ ਬਾਗ ਲਈ ਰਵਾਨਾ ਹੋ ਗਿਆ। ਇਥੇ ਰਵਾਨਗੀ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਸਮੇਤ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਪਟਨਾ ਸਾਹਿਬ ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਬਿਹਾਰ ਸਰਕਾਰ ਤਰਫੋਂ ਉਦਯੋਗ ਮੰਤਰੀ ਸ੍ਰੀ ਸ਼ਿਆਮ ਰਜਕ ਨੇ ਹਾਜ਼ਰੀ ਭਰੀ। ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਨੇ ਸੰਗਤਾਂ ਵੱਲੋਂ ਸਵਾਗਤ ਲਈ ਦਿਖਾਏ ਉਤਸ਼ਾਹ ਲਈ ਧੰਨਵਾਦ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਲਈ ਪ੍ਰਸੰਸਾ ਕੀਤੀ। ਨਗਰ ਕੀਰਤਨ ਦੀ ਇਥੋਂ ਰਵਾਨਗੀ ਸਮੇਂ ਸੰਗਤਾਂ ਵੱਲੋਂ ਫੁੱਲ ਪੱਤੀਆਂ ਦੀ ਵਰਖਾ ਕਰਕੇ ਸਰਧਾ ਪ੍ਰਗਟਾਈ ਗਈ। ਪਟਨਾ ਸਾਹਿਬ ਵਿਖੇ ਕਾਰ ਸੇਵਾ ਭੂਰੀਵਾਲਿਆਂ ਵੱਲੋਂ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਥੇ ਸੰਗਤ ਲਈ ਲੰਗਰ ਆਦਿ ਦੇ ਵਿਸ਼ਾਲ ਪ੍ਰਬੰਧ ਵੀ ਸਲਾਉਣਯੋਗ ਸਨ।ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਸ. ਗੁਰਪ੍ਰੀਤ ਸਿੰਘ ਚੰਡਾਲ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰ ਸ. ਕਮਿੰਕਰ ਸਿੰਘ, ਸ. ਭੁਪਿੰਦਰ ਸਿੰਘ ਚੀਫ਼ ਐਡਮਨਿਸਟਰੇਟਰ, ਪਟਨਾ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੂਰਜ ਸਿੰਘ ਤੇ ਦਿਲੀ ਕਮੇਟੀ ਤੋਂ ਬੀਬੀ ਰਣਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂ ਘੁੰਮਣ, ਇੰਚਾਰਜ ਸ. ਗੁਰਚਰਨ ਸਿੰਘ ਕੁਹਾਲਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਨਰਿੰਦਰ ਸਿੰਘ ਮਥਰੇਵਾਲ, ਭਾਈ ਬ੍ਰਿਜਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੁੜ, ਪ੍ਰਚਾਰਕ ਭਾਈ ਸਤਵੰਤ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਹਰਪਾਲ ਸਿੰਘ ਤੇ ਭਾਈ ਪੰਥਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ। ਨਗਰ ਕੀਰਤਨ ਭਲਕੇ 26 ਅਗਸਤ ਨੂੰ ਹਜ਼ਾਰੀ ਬਾਗ ਤੋਂ ਧੰਨਬਾਦ ਲਈ ਰਵਾਨਾ ਹੋਵੇਗਾ।