ਬਹਿਰੀਨ ‘ਚ ਪੀ.ਐੱਮ. ਮੋਦੀ ਨੂੰ ‘ਦਿ ਕਿੰਗ ਹਮਾਦ ਆਰਡਰ ਆਫ਼ ਦਿ ਰੇਨੇਸਾ’ ਸਨਮਾਨ
250 ਭਾਰਤੀ ਕੈਦੀਆਂ ਦੀ ਸਜ਼ਾ ਹੋਈ ਮੁਆਫ਼
ਮਨਾਮਾ – ਯੂ.ਏ.ਈ. ‘ਚ ਸਨਮਾਨ ਮਿਲਣ ਤੋਂ ਬਾਅਦ ਬਹਿਰੀਨ ‘ਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ। ਬਹਿਰੀਨ ਦੇ ਰਾਜਾ ਨਾਲ ਮੁਲਕਾਤ ਦੌਰਾਨ ਪੀ.ਐੱਮ. ਮੋਦੀ ਨੂੰ ‘ਕਿੰਗ ਦਿ ਹਮਾਦ ਆਰਡਰ ਆਫ਼ ਦਿ ਰੇਨੇਸਾ’ ਨਾਲ ਨਿਵਾਜ਼ਿਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ ਵੱਲੋਂ ਸਨਮਾਨ ਮਿਲਣ ਤੋਂ ਬਾਅਦ ਕਿਹਾ ਕਿ ਮੈਂ ‘ਦਿ ਕਿੰਗ ਹਮਾਦ ਆਰਡਰ ਆਫ਼ ਦ ਰੇਨੇਸਾ’ ਨਾਲ ਸਨਮਾਨਿਤ ਹੋਣ ਨਾਲ ਖ਼ੁਦ ਨੂੰ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਹ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ। ਇਹ ਬਹਿਰੀਨ ਤੇ ਭਾਰਤ ਵਿਚਾਲੇ ਨਜ਼ਦੀਕੀ ਤੇ ਦੋਸਤਾਨਾ ਸਬੰਧਾਂ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ ਬਹਿਰੀਨ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾੜੀ ਦੇਸ਼ ਦੀ ਪਹਿਲੀ ਫੇਰੀ ਦੌਰਾਨ ਸਦਭਾਵਨਾ ਵਜੋਂ 250 ਭਾਰਤੀ ਕੈਦੀਆਂ ਦੀ ਸਜ਼ਾ ਐਤਵਾਰ ਨੂੰ ਮੁਆਫ਼ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਸ਼ਾਹੀ ਮੁਆਫੀ ਲਈ ਬਹਿਰੀਨੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਸਰਕਾਰੀ ਅੰਕੜਿਆਂ ਅਨੁਸਾਰ 8,189 ਭਾਰਤੀ ਵੱਖ-ਵੱਖ ਵਿਦੇਸ਼ੀ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ‘ਚੋਂ 1,811 ਸਭ ਤੋਂ ਜ਼ਿਆਦਾ ਸਾਊਦੀ ਅਰਬ ਅਤੇ ਯੂ.ਏ.ਈ. ਵਿੱਚ 1,392 ਹਨ। ਇਹ ਸਪੱਸ਼ਟ ਨਹੀਂ ਹੈ ਕਿ ਬਹਿਰੀਨ ਦੀਆਂ ਜੇਲ੍ਹਾਂ ਵਿੱਚ ਕਿੰਨੇ ਭਾਰਤੀ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, “ਮਨੁੱਖੀ ਸਦਭਾਵਨਾ ਦੇ ਤਹਿਤ ਬਹਿਰੀਨ ਸਰਕਾਰ ਨੇ ਬਹਿਰੀਨ ਵਿੱਚ ਸਜ਼ਾ ਕੱਟ ਰਹੇ 250 ਭਾਰਤੀਆਂ ਨੂੰ ਮੁਆਫੀ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਬਹਿਰੀਨ ਦੇ ਸ਼ਾਹ ਅਤੇ ਪੂਰੇ ਸ਼ਾਹੀ ਪਰਿਵਾਰ ਦਾ ਉਨ੍ਹਾਂ ਦੇ ਫ਼ੈਸਲੇ ਲਈ ਧੰਨਵਾਦ ਕੀਤਾ।