ਸ਼੍ਰੋਮਣੀ ਕਮੇਟੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਨਿਰੰਤਰ ਦੇ ਰਹੀ ਹੈ ਰਾਹਤ ਸੇਵਾਵਾਂ
ਅੰਮ੍ਰਿਤਸਰ – ਪੰਜਾਬ ’ਚ ਹੜਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮੱਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ ਹਨ ਅਤੇ ਇਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਅਤੇ ਹੋਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਅੰਦਰ ਹੜ੍ਹਾਂ ਵਾਲੀ ਸਥਿਤੀ ਕਾਰਨ ਵੱਖ-ਵੱਖ ਇਲਾਕਿਆਂ ’ਚ ਘਰਾਂ ਅੰਦਰ ਪਾਣੀ ਆ ਜਾਣ ਕਰਕੇ ਵੱਡੀ ਪੱਧਰ ’ਤੇ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਗੁਰਦੁਆਰਿਆਂ ਤੋਂ ਰਾਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਵੀ ਕਈ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਾਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਮੌ ਸਾਹਿਬ ਫਿਲੌਰ, ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਪਿੰਡ ਡੱਲ੍ਹਾ (ਕਪੂਰਥਲਾ), ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂਸਰ ਕਾਉਂਕੇ (ਲੁਧਿਆਣਾ), ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ (ਜਲੰਧਰ), ਗੁਰਦੁਆਰਾ ਬਾਬਾ ਸੰਗ ਜੀ ਢੇਸੀਆਂ ਫਿਲੌਰ (ਜਲੰਧਰ), ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਕਟਾਣਾ ਸਾਹਿਬ (ਲੁਧਿਆਣਾ), ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ), ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨ ਤੋਂ ਪ੍ਰਭਾਵਿਤਾਂ ਨੂੰ ਤਿਆਰ ਕੀਤਾ ਲੰਗਰ, ਰਸਦਾਂ ਅਤੇ ਹੋਰ ਲੋੜੀਂਦੀਆਂ ਵਸਤੂਆਂ ਪਹੁੰਚਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਲਈ 3 ਮੈਡੀਕਲ ਵੈਨਾਂ ਵੀ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾ ਰਹੀਆਂ ਹਨ। ਸ. ਆਹਲੀ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਹੜ੍ਹ ਪੀੜ੍ਹਤਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਲਗਾਤਾਰ ਨਜ਼ਰਸਾਨੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਿਰਦੇਸ਼ ਹਨ ਕਿ ਜਿਨ੍ਹਾਂ ਚਿਰ ਤੱਕ ਪ੍ਰਭਾਵਿਤ ਲੋਕਾਂ ਦੀ ਜ਼ਿੰਦਗੀ ਲੀਹ ’ਤੇ ਨਹੀਂ ਆਉਂਦੀ ਓਨੀ ਦੇਰ ਸੇਵਾਵਾਂ ਜਾਰੀ ਰੱਖੀਆਂ ਜਾਣ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵੱਖ-ਵੱਖ ਗੁਰੂ ਘਰਾਂ ਤੋਂ ਤਿਆਰ ਕੀਤੇ ਗਏ ਲੰਗਰਾਂ ਅਤੇ ਮੈਡੀਕਲ ਸੇਵਾਵਾਂ ਦੇ ਨਾਲ-ਨਾਲ ਲੋੜ ਅਨੁਸਾਰ ਸੁੱਕਾ ਰਾਸ਼ਣ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਿਚ ਆਟਾ, ਦਾਲਾਂ, ਖੰਡ, ਘਿਓ, ਸਬਜ਼ੀਆਂ, ਚਾਵਲ ਅਤੇ ਪਾਣੀ ਦੀਆਂ ਪੇਟੀਆਂ ਆਦਿ ਵਿਸ਼ੇਸ਼ ਹਨ। ਸ. ਆਹਲੀ ਨੇ ਇਹ ਵੀ ਦੱਸਿਆ ਕਿ ਸੁਲਤਾਨਪੁਰ ਲੋਧੀ ਨਜ਼ਦੀਕ ਸ਼੍ਰੋਮਣੀ ਕਮੇਟੀ ਵੱਲੋਂ ਗਿੱਦੜਪਿੰਡੀ, ਮੁੰਡੀ ਕਾਲੂ, ਦਾਰੇਵਾਲ, ਜਾਣੀਆਂ, ਗੱਟੀ, ਮਹਿਰਾਜ ਵਾਲਾ, ਤਕੀਆ, ਭਰੋਆਣਾ, ਸਰੂਪਵਾਲ, ਸੇਖ ਮਾਂਗਾ, ਕਿੱਲੀਵਾੜਾ, ਵਾੜਾ ਜੋਧ ਸਿੰਘ ਵਾਲਾ, ਸ਼ਾਹਵਾਲਾ, ਸ਼ੇਰਪੁਰ ਸੱਧਾ, ਆਹਲੀ ਕਲਾਂ ਅਤੇ ਆਹਲੀ ਖੁਰਦ ਆਦਿ ਪਿੰਡਾਂ ਵਿਚ ਪਹੁੰਚ ਕੀਤੀ ਗਈ ਹੈ। ਇਸੇ ਤਰ੍ਹਾਂ ਫਿਲੌਰ ਨੇੜਲੇ ਪਿੰਡ ਭੋਲੇਵਾਲ, ਆਲੋਵਾਲ ਵਿਖੇ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਪਿੰਡ ਛੱਡ ਕੇ ਬਾਹਰ ਬੈਠੇ ਲੋਕਾਂ ਨੂੰ ਪੀਣ ਵਾਲਾ ਪਾਣੀ ਅਤੇ ਲੰਗਰ ਆਦਿ ਪਹੁੰਚਾਇਆ ਗਿਆ ਹੈ। ਇਸੇ ਖੇਤਰ ਵਿਚ ਹੀ ਪਿੰਡ ਬੁਰਜ ਖੇਲਾ, ਫਤਹਿਗੜ੍ਹ ਨਿਹਾਲ, ਸੰਗੋਵਾਲ, ਬੁਰਜ ਹਸਨ ਵਿਖੇ ਵੀ ਰਾਹਤ ਸੇਵਾਵਾਂ ਦਿੱਤੀਆਂ ਗਈਆਂ। ਸ਼੍ਰੋਮਣੀ ਕਮੇਟੀ ਸਕੱਤਰ ਅਨੁਸਾਰ ਮਾਨਵਤਾ ਦੀ ਭਲਾਈ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਦੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘੱਟ ਰਿਹਾ ਹੈ, ਪਰੰਤੂ ਸ਼੍ਰੋਮਣੀ ਕਮੇਟੀ ਵੱਲੋਂ ਜਿੰਨਾ ਚਿਰ ਲੋੜ ਮਹਿਸੂਸ ਹੋਵੇਗੀ, ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਘਰਾਂ ਵਿਚ ਮੁੜਨ ਮਗਰੋਂ ਵੀ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਰਾਸ਼ਣ ਆਦਿ ਦੀਆਂ ਸੇਵਾਵਾਂ ਦੇਵੇਗੀ।