September 9, 2024
#ਦੇਸ਼ ਦੁਨੀਆਂ

ਕਸ਼ਮੀਰ ਮਾਮਲੇ ’ਚ ਕਿਸੇ ਤੀਜੇ ਪੱਖ ਦੀ ਵਿਚੋਲਗੀ ਸਵਿਕਾਰ ਨਹੀਂ : ਮੋਦੀ

ਜੀ-7 ਸੰਮੇਲਨ ਮੌਕੇ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਨੂੰ ਦੋ ਟੁੱਕ

ਪੈਰਿਸ – ਫਰਾਂਸ ਦੇ ਤੱਟੀ ਸ਼ਹਿਰ ਬਿਆਰਟਿਜ਼ ਵਿੱਚ ਸੋਮਵਾਰ ਨੂੰ ਜੀ-7 ਸਿਖਰ ਸੰਮੇਲਨ ਸੰਪੰਨ ਹੋਇਆ। ਜੀ-7 ਸੰਮੇਲਨ ਤੋਂ ਵੱਖ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਟ੍ਰੇਡ ਸਣੇ ਦੂਜੇ ਅਹਿਮ ਮਸਲਿਆਂ ’ਤੇ ਵੀ ਚਰਚਾ ਹੋਈ। ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਇਹ ਵੀ ਸਾਫ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ। ਆਪਣੀ ਮੁਲਾਕਾਤ ’ਚ ਮੋਦੀ ਨੇ ਟਰੰਪ ਨੂੰ ਕਿਹਾ ਕਿ ਇਹ ਇੱਕ ਦੋ-ਪੱਖੀ ਮਾਮਲਾ ਹੈ, ਜਿਸ ਵਿੱਚ ਤੀਜੇ ਪੱਖ ਵੱਲੋਂ ਵਿਚੋਲਗੀ ਸਵਿਕਾਰ ਨਹੀਂ ਕੀਤੀ ਜਾਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ’ਤੇ ਯੂ-ਟਰਨ ਲੈਂਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਮਿਲ ਕੇ ਇਸ ਮਸਲੇ ਨੂੰ ਸੁਲਝਾਉਣ। ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ 2 ਰਾਸ਼ਟਰਾਂ ਦੇ ਲੋਕਾਂ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਜੈਵ ਵਿਭਿੰਨਤਾ, ਸਮੁੰਦਰ ਤੇ ਜਲਵਾਯੂ ਦੇ ਮੁੱਦੇ ’ਤੇ ਰੱਖੇ ਇੱਕ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਜੀ-7 ਸਿਖਰ ਸੰਮੇਲਨ ਸੰਪੰਨ ਹੋਇਆ। ਇਸ ਵਿੱਚ ਮੈਂਬਰ ਦੇਸ਼ਾਂ ਵਿਚਾਲੇ ਅਮੇਜ਼ਨ ਦੇ ਵਰਖਾਵਣ ਵਿੱਚ ਅੱਗ ਸਮੇਤ ਦੁਨੀਆ ਸਾਹਮਣੇ ਪੇਸ਼ ਸਮੱਸਿਆਵਾਂ ’ਤੇ ਚਰਚਾ ਹੋਈ। ਇਨ੍ਹਾਂ ਸਾਰੇ ਮੁੱਦਿਆਂ ਦੇ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰੋਬਾਰ ਯੁੱਧ ਛਾਇਆ ਰਿਹਾ ਅਤੇ ਇਸ ਸਮੂਹ ਦੀ ਏਕਤਾ ’ਤੇ ਵੀ ਸਵਾਲ ਉੱਠੇ। ਇਸ ਸੰਮੇਲਨ ਨੇ ਸ਼ਨਿੱਚਰਵਾਰ ਨੂੰ ਉਦੋਂ ਨਾਟਕੀ ਮੋੜ ਲਿਆ ਜਦੋਂ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਤੇਹਰਾਨ ਦੇ ਵਿਵਾਦਮਈ ਪਰਮਾਣੂ ਪ੍ਰੋਗਰਾਮ ’ਤੇ ਡਿਪਲੋਮੈਟਿਕ ਗਤੀਰੋਧ ਦੇ ਸੰਬੰਧ ਵਿੱਚ ਚਰਚਾ ਕਰਨ ਲਈ ਬਿਆਰਟਿਜ਼ ਪਹੁੰਚੇ। ਜ਼ਰੀਫ ਅਚਾਨਕ ਇੱਥੇ ਪਹੁੰਚੇ ਸਨ ਅਤੇ ਇਹ ਫਰਾਂਸ ਵੱਲੋਂ ਈਰਾਨ ਅਤੇ ਅਮਰੀਕਾ ਵਿਚਾਲੇ ਜਾਰੀ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਸੀ। ਫਰਾਂਸ ਦੇ ਡਿਪਲੋਮੈਟਾਂ ਨੇ ਦੱਸਿਆ ਕਿ ਈਰਾਨ ਦੇ ਵਿਦੇਸ਼ ਮੰਤਰੀ ਨੇ ਟਰੰਪ ਨਾਲ ਮੁਲਾਕਾਤ ਨਹੀਂ ਕੀਤੀ ਪਰ ਇੱਕ ਜਗ੍ਹਾ ਦੋਹਾਂ ਨੇਤਾਵਾਂ ਦੀ ਮੌਜੂਦਗੀ ਨੇ ਦੋਹਾਂ ਵਿੱਚ ਨਰਮੀ ਦੀ ਆਸ ਪੈਦਾ ਕਰ ਦਿੱਤੀ। ਇਸ ਸਾਲ ਜੁਲਾਈ ਵਿੱਚ ਅਮਰੀਕੀ ਸਰਕਾਰ ਨੇ ਜ਼ਰੀਫ ਦੀ ਯਾਤਰਾ ਰੋਕਣ ਦੇ ਉਦੇਸ਼ ਨਾਲ ਭਾਰੀ ਪਾਬੰਦੀਆਂ ਲਗਾ ਦਿੱਤੀਆਂ ਸਨ।