ਕਸ਼ਮੀਰ ਦੇ ਬਹੁਤੇ ਇਲਾਕਿਆਂ ’ਚ ਲੈਂਡਲਾਈਨ ਸੇਵਾਵਾਂ ਬਹਾਲ
ਕਸ਼ਮੀਰ ’ਚ ਸੰਚਾਰ ਸਾਧਨਾਂ ’ਤੇ ਲਾਈਆਂ ਪਾਬੰਦੀਆਂ ਵਿਚ ਕੁਝ ਰਾਹਤ ਦਿੱਤੀ ਗਈ ਹੈ ਤੇ ਵਾਦੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਲੈਂਡਲਾਈਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸ੍ਰੀਨਗਰ ਸਥਿਤ ਸਿਵਲ ਸਕੱਤਰੇਤ ’ਚੋਂ ਅੱਜ ਜੰਮੂ ਕਸ਼ਮੀਰ ਦਾ ਝੰਡਾ ਉਤਾਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਤਿਰੰਗੇ ਦੇ ਨਾਲ ਹੀ ਲਹਿਰਾਉਂਦਾ ਸੀ। ਹੋਰਨਾਂ ਸਰਕਾਰੀ ਇਮਾਰਤਾਂ ਤੋਂ ਵੀ ਝੰਡੇ ਉਤਾਰਨ ਦੀ ਕਵਾਇਦ ਆਰੰਭੀ ਗਈ ਹੈ। ਅਧਿਕਾਰੀਆਂ ਮੁਤਾਬਕ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ ਤੇ ਸਥਿਤੀ ਬਿਹਤਰ ਹੋਣ ਦੇ ਮੱਦੇਨਜ਼ਰ ਸੰਚਾਰ ’ਤੇ ਪਾਬੰਦੀਆਂ ਵਿਚ ਰਾਹਤ ਦਿੱਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਹੋਰ ਟੈਲੀਫੋਨ ਐਕਸਚੇਂਜਾਂ ਜਿਹੜੀਆਂ ਫਿਕਸਡ ਲਾਈਨ ਫੋਨ ਸੇਵਾ ਮੁਹੱਈਆ ਕਰਵਾ ਰਹੀਆਂ ਹਨ, ਸ਼ਨਿਚਰਵਾਰ ਨੂੰ ਸ੍ਰੀਨਗਰ ਸਣੇ ਕਈ ਇਲਾਕਿਆਂ ਵਿਚ ਬਹਾਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ ਤੇ ਜਲਦੀ ਹੀ ਅਜਿਹਾ ਕੀਤਾ ਜਾਵੇਗਾ। ਲਾਲ ਚੌਕ ਤੇ ਪ੍ਰੈੱਸ ਐਨਕਲੇਵ ਵਿਚ ਹਾਲੇ ਵੀ ਸੰਚਾਰ ਸੇਵਾ ਠੱਪ ਹੈ। ਸ਼ਨਿਚਰਵਾਰ ਨੂੰ ਪ੍ਰਿੰਸੀਪਲ ਸਕੱਤਰ ਤੇ ਸਰਕਾਰ ਦੇ ਤਰਜਮਾਨ ਰੋਹਿਤ ਕੰਸਲ ਨੇ ਕਿਹਾ ਸੀ ਕਿ 8 ਹੋਰ ਐਕਸਚੇਂਜਾਂ (5300 ਲੈਂਡਲਾਈਨ) ਹਫ਼ਤੇ ਦੇ ਅੰਤ ਤੱਕ ਚਲਾ ਦਿੱਤੀਆਂ ਜਾਣਗੀਆਂ। ਜਦਕਿ ਬੀਐੱਸਐਨਐੱਲ ਬਰੌਡਬੈਂਡ ਸਣੇ ਮੋਬਾਈਲ ਸੇਵਾ ਤੇ ਇੰਟਰਨੈੱਟ ਅਤੇ ਪ੍ਰਾਈਵੇਟ ਲੀਜ਼ਡ ਲਾਈਨ ਇੰਟਰਨੈੱਟ ਫ਼ਿਲਹਾਲ ਠੱਪ ਹੈ। ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇਸ ਤੋਂ ਇਲਾਵਾ 21ਵੇਂ ਦਿਨ ਵੀ ਬਜ਼ਾਰ ਬੰਦ ਰਹੇ ਤੇ ਸਰਕਾਰੀ ਟਰਾਂਸਪੋਰਟ ਵੀ ਨਹੀਂ ਚੱਲੀ। ਹਫ਼ਤਾਵਾਰੀ ਫੜ੍ਹੀ ਬਜ਼ਾਰ ਵੀ ਨਹੀਂ ਲੱਗੇ।