March 27, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਤੇ ਮੁੜ ਵਸੇਬਾ ਕਦਮਾਂ ਦਾ ਐਲਾਨ

ਹੜ ਨਾਲ ਨੁਕਸਾਨੀਆਂ ਸੜਕਾਂ ਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਹੁਕਮ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ ਪੀੜਤਾਂ ਦੇ ਰਾਹਤ ਤੇ ਮੁੜ ਵਸੇਬੇ ਲਈ ਹੋਰ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਉਨਾਂ ਨੇ ਅਗਾਮੀ ਹਾੜੀ ਸੀਜ਼ਨ ਲਈ ਕਿਸਾਨਾਂ ਨੂੰ ਕਣਕ ਦਾ ਉਚ ਮਿਆਰੀ ਬੀਜ ਮੁਫਤ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ।ਸੂਬੇ ਵਿੱਚ ਹੜਾਂ ਤੋਂ ਬਾਅਦ ਦੀ ਕਾਰਜ ਯੋਜਨਾ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਨੂੰ ਆਖਿਆ ਕਿ ਹੜਾਂ ਦੇ ਪਾਣੀ ਨਾਲ ਫਸਲਾਂ ਡੁੱਬਣ ਕਰਕੇ ਵੱਡਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਈ ਜਾਵੇ।ਮੁੱਖ ਮੰਤਰੀ ਨੇ ਸਹਿਕਾਰਤਾ ਵਿਭਾਗ ਨੂੰ ਹਦਾਇਤ ਕੀਤੀ ਕਿ ਹੜ ਪ੍ਰਭਾਵਿਤ ਕਿਸਾਨਾਂ ਦੇ ਥੋੜੀ ਮਿਆਦ ਵਾਲੇ ਕਰਜ਼ਿਆਂ ਨੂੰ ਦਰਮਿਆਨੀ ਮਿਆਦ ਦੇ ਕਰਜ਼ੇ ਵਿੱਚ ਤਬਦੀਲ ਕੀਤਾ ਜਾਵੇ। ਉਨਾਂ ਨੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਵੀ ਹੁਕਮ ਦਿੱਤੇ ਕਿ ਹੜ ਪ੍ਰਭਾਵਿਤ ਕਿਸਾਨਾਂ ਨੂੰ ਫਸਲੀ ਹੱਦ ਕਰਜ਼ੇ ਨਵੇਂ ਸਿਰਿਓਂ ਦਿੱਤੇ ਜਾਣ ਤਾਂ ਕਿ ਇਹ ਕਿਸਾਨ ਹਾੜੀ ਦੀ ਫਸਲ ਦੀ ਪੈਦਾਵਾਰ ਕਰ ਸਕਣ।ਪੇਂਡੂ ਸੜਕਾਂ ਅਤੇ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਪਹੁੰਚੇ ਨੁਕਸਾਨ ਦਾ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਬੋਰਡ ਨੂੰ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਮੁਰੰਮਤ ਦਾ ਕੰਮ ਜੰਗੀ ਪੱਧਰ ’ਦੇ ਵਿੱਢਣ ਦੇ ਆਦੇਸ਼ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫੇਰ ਪਾਵਰਕਾਮ ਨੂੰ ਹੜਗ੍ਰਸਤ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਬਹਾਲ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਆਖਿਆ। ਪਾਵਰਕਾਮ ਦੇ ਚੇਅਰਮੈਨ ਨੂੰ ਹਦਾਇਤ ਕੀਤੀ ਕਿ ਬਿਜਲੀ ਸਪਲਾਈ ਬਹਾਲ ਕਰਨ ਦੇ ਕੰਮ ਨੂੰ ਮੁਕੰਮਲ ਕਰਨ ਲਈ ਇੰਜੀਨੀਅਰਾਂ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ। ਹੜਾਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਦਸਤ, ਹੈਜ਼ਾ, ਪੀਲੀਆ, ਵਰਗੀਆਂ ਬਿਮਾਰੀਆਂ ਤੋਂ ਇਲਾਵਾ ਮਲੇਰੀਆ, ਚਿਕਨਗੁਨੀਆ, ਡੇਂਗੂ ਆਦਿ ਵਰਗੇ ਰੋਗਾਂ ਦੀ ਰੋਕਥਾਮ ਲਈ ਪ੍ਰਭਾਵੀ ਕਦਮ ਚੁੱਕਣ ਲਈ ਆਖਿਆ। ਉਨਾਂ ਨੇ ਸਿਹਤ ਵਿਭਾਗ ਨੂੰ ਮੱਛਰਾਂ ਦੇ ਫੈਲਾਅ ਨੂੰ ਰੋਕਣ ਲਈ ਹੜ ਪ੍ਰਭਾਵਿਤ ਇਲਾਕਿਆਂ ਵਿਚ ਫੌਗਿੰਗ ਕਰਵਾਉਣ ਲਈ ਆਖਿਆ। ਮੁੱਖ ਮੰਤਰੀ ਨੇ ਖੁਰਾਕ ਤੇ ਸਿਵਲ ਸਪਲਾਈਜ਼ ਦੇ ਪ੍ਰਮੁੱਖ ਸਕੱਤਰ ਨੂੰ ਹੜਾਂ ਦੀ ਲਪੇਟ ਵਿੱਚ ਆਏ ਪਰਿਵਾਰਾਂ ਨੂੰ ਰਾਸ਼ਨ ਤੇ ਪੀਣ ਵਾਲੇ ਪਾਣੀ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਲਈ ਆਖਿਆ।ਇਸੇ ਦੌਰਾਨ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਪਸ਼ੂ ਪਾਲਣ ਵਿਭਾਗ ਵੱਲੋਂ ਹੜਾਂ ਦੀ ਲਪੇਟ ਵਿੱਚ ਆਏ ਇਲਾਕਿਆਂ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸੂਬੇ ਦੇ 9 ਜ਼ਿਲਿਆਂ ਦੇ ਹੜ ਪ੍ਰਭਾਵਿਤ 225 ਪਿੰਡਾਂ ਵਿੱਚ 61,000 ਪਿੰਡਾਂ ਦੀ ਦੇਖਭਾਲ ਲਈ 148 ਵਿਸ਼ੇਸ਼ ਵੈਟਰਨਰੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜਲੰਧਰ, ਮੋਗਾ, ਲੁਧਿਆਣਾ, ਫਿਰੋਜ਼ਪੁਰ, ਐਸ.ਬੀ.ਐਸ. ਨਗਰ, ਰੋਪੜ, ਫਾਜ਼ਿਲਕਾ, ਤਰਨ ਤਾਰਨ ਅਤੇ ਕਪੂਰਥਲਾ ਜ਼ਿਲਿਆਂ ਦੇ ਪਿੰਡਾਂ ਵਿੱਚ ਹੜਾਂ ਦੇ ਪਾਣੀ ਨਾਲ ਘਿਰੇ ਪਸ਼ੂਆਂ ਦੀਆਂ ਦਵਾਈਆਂ ਅਤੇ ਟੀਕਾਕਰਨ ਲਈ ਵਿਸ਼ੇਸ਼ ਵੈਟਰਨਰੀ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਪਿੰਡਾਂ ਵਿੱਚ ਲਗਭਗ 1800 ਕੁਇੰਟਲ ਫੀਡ, 50 ਟਰਾਲੀਆਂ ਤੂੜੀ ਅਤੇ ਹਰਾ ਚਾਰਾ ਵੰਡਿਆ ਜਾ ਚੁੱਕਾ ਹੈ।ਰਿਪੋਰਟਾਂ ਮੁਤਾਬਕ 125 ਵੱਡੇ ਪਸ਼ੂਆਂ (ਗਾਂਵਾਂ/ਮੱਝਾਂ ਤੇ ਹੋਰ) ਅਤੇ 8000 ਮੁਰਗੀਆਂ ਦੀ ਮੌਤ ਹੋਈ ਹੈ। ਪਸ਼ੂ ਪਾਲਣ ਵਿਭਾਗ ਨੇ ਮਰੇ ਹੋਏ ਪਸ਼ੂ ਧਨ ਲਈ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਲਈ 91 ਲੱਖ ਰੁਪਏ ਸਮੇਤ ਲੋੜੀਂਦੀਆਂ ਦਵਾਈਆਂ, ਚਾਰਾ ਅਤੇ ਫੀਡ ਮੁਹੱਈਆ ਕਰਵਾਉਣ ਲਈ 22.11 ਕਰੋੜ ਦੀ ਵਿੱਤੀ ਸਹਾਇਤਾ ਮੰਗੀ ਹੈ। ਵੈਟਰਨਰੀ ਟੀਮਾਂ ਵੱਲੋਂ ਪਸ਼ੂਆਂ ਦੀ ਦੇਖਭਾਲ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਅਤੇ ਟੀਕਾਕਰਨ ਕੀਤਾ ਜਾ ਰਿਹਾ ਹੈ।