December 8, 2024
#ਪੰਜਾਬ

ਪੰਜਾਬ ਰਾਜ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਨੇ ਆਪਣੀ ਸਮਾਜਿਕ ਵਚਨਬੱਧਤਾ ਦੁਹਰਾਈ ਅੰਗ ਦਾਨ ਦੇ ਨੇਕ ਕੰਮ ਨੂੰ ਕੀਤਾ ਉਤਸ਼ਾਹਿਤ

ਚੰਡੀਗੜ੍ਹ – ਸਮਾਜਿਕ ਜਿੰਮੇਵਾਰੀ ਨਿਭਾਉਂਦਿਆਂ, ਪੰਜਾਬ ਰਾਜ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਦਰਮਿਆਨ ਮਰਨ ਉਪਰੰਤ ਅੰਗ ਦਾਨ ਕਰਨ ਦੇ ਨੇਕ ਕੰਮ ਨੂੰ ਉਤਸ਼ਾਹਿਤ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਅਤੇ ਸੋਮਵਾਰ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਸਟ੍ਰੇਸ਼ਨ ਵਿਖੇ ਰੀਜ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਸੰਸਥਾ (ਰੋਟੋ) ਪੀ.ਜੀ.ਆਈ. ਦੇ ਸਹਿਯੋਗ ਨਾਲ ਓਰੀਐਨਟੇਸ਼ਨ ਸੈਸ਼ਨ ਦਾ ਆਯੋਜਨ ਕੀਤਾ।ਇਸ ਸੈਸ਼ਨ ਦੌਰਾਨ ਪੰਜਾਬ ਦੇ ਉਚ ਆਈ.ਏ.ਐਸ. ਅਧਿਕਾਰੀ ਜਿਹਨਾਂ ਵਿਚ ਅਨਿਰੁਧ ਤਿਵਾੜੀ, ਤੇਜਵੀਰ ਸਿੰਘ, ਗੁਰਪ੍ਰੀਤ ਸਪਰਾ, ਅਮਿ੍ਰਤ ਕੌਰ, ਹੁਸਨ ਲਾਲ, ਰਜਤ ਅਗਰਵਾਲ, ਸਿਬਨ ਸੀ, ਤਨੂ ਕਸ਼ਿਯਪ ਅਤੇ ਗਿਰਿਸ਼ ਦਿਆਲਨ ਸ਼ਾਮਲ ਸਨ ਤੋਂ ਇਲਾਵਾ ਕਈ ਆਈ.ਏ.ਐਸ. ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਰਾਜ ਆਈ.ਏ.ਐਸ ਆਫਿਸਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਵਿਨੀ ਮਹਾਜਨ ਨੇ ਕੀਤੀ।ਪ੍ਰੋ. ਏ.ਕੇ. ਗੁਪਤਾ ਮੈਡੀਕਲ ਸੁਪਰਡੈਂਟ ਕਮ ਹੈੱਡ, ਹੌਸਪਿਟਲ ਐਡਮਿਨਸਟੇ੍ਰਸ਼ਨ ਵਿਭਾਗ, ਪੀ.ਜੀ.ਆਈ. ਇਸ ਮੌਕੇ ਗੈਸਟ ਸਪੀਕਰ ਵਜੋਂ ਮੌਜੂਦ ਸਨ।ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਨੀ ਮਹਾਜਨ ਨੇ ਕਿਹਾ, ‘‘ ਇਸ ਤੱਥ ਨੂੰ ਵਿਚਾਰਦਿਆਂ ਕਿ ਅੰਗ ਦਾਨ ਘੱਟ ਹੋਣ ਦਾ ਕਾਰਨ ਇਹ ਨਹੀਂ ਕਿ ਇਛੁੱਕ ਦਾਨੀਆਂ ਦੀ ਕਮੀ ਹੈ ਬਲਕਿ ਇਛੁੱਕ ਦਾਨੀ ਜਾਣਕਾਰੀ, ਜਾਗਰੂਕਤਾ ਅਤੇ ਸਮਾਜਿਕ-ਸੱਭਿਆਚਾਰਕ ਵਿਚਾਰਾਂ ਦੀ ਘਾਟ ਕਾਰਨ ਅੰਗ ਦਾਨ ਨਹੀਂ ਕਰ ਪਾਉਂਦੇ। ਇਸ ਲਈ ਇਹ ਨੇਕ ਕੰਮ ਸਰਕਾਰ, ਸਿਹਤ ਸੰਭਾਲ ਪੇਸ਼ੇਵਰਾਂ, ਸਮੁੱਚੇ ਭਾਈਚਾਰੇ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸੰਗਠਿਤ ਅਤੇ ਨਿਰੰਤਰ ਯਤਨਾਂ ਦੀ ਮੰਗ ਕਰਦਾ ਹੈ।’’ਸ੍ਰੀਮਤੀ ਮਹਾਜਨ ਨੇ ਇਸ ਉਦੇਸ਼ ਵੱਲ ਸਮੁੱਚੇ ਭਾਈਚਾਰੇ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਉਤਮ ਪਹਿਲਕਦਮੀਆਂ ਦੀ ਲੋੜ ਦੀ ਹਮਾਇਤ ਕੀਤੀ ਅਤੇ ਸੂਬੇ ਵਿਚ ਮਰਨ ਉਪਰੰਤ ਅੰਗ ਦਾਨ ਕਰਨ ਨੂੰ ਬੜਾਵਾ ਦੇਣ ਲਈ ਐਸੋਸ਼ੀਏਸ਼ਨ ਦੇ ਸੰਪੂਰਨ ਸਮਰਥਨ ਦਾ ਭਰੋਸਾ ਦਿੱਤਾ।ਇਸ ਮੌਕੇ ਬੋਲਦਿਆਂ ਪ੍ਰੋ. (ਡਾ.) ਏ.ਕੇ ਗੁਪਤਾ ਨੇ ਇਸ ਗੱਲ ‘ਤੇ ਚਾਨਣਾ ਪਾਇਆ, ‘‘ ਜਿਥੇ ਸਾਡੇ ਦੇਸ਼ ਵਿਚ 5 ਲੱਖ ਤੋਂ ਜ਼ਿਆਦਾ ਲੋਕ ਅੰਗ ਬਦਲਵਾਉਣ ਦਾ ਇੰਤਜਾਰ ਕਰ ਰਹੇ ਹਨ, ਉਥੇ ਅੰਗ ਦਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਅੰਗ ਨਕਾਰਾ ਹੋਣ ਤੋਂ ਪੀੜਤ ਅਤੇ ਲਗਾਤਾਰ ਦਰਦ ਵਿਚ ਰਹਿ ਰਹੇ ਵਿਅਕਤੀਆਂ ਲਈ ਵਰਦਾਨ ਸਾਬਿਤ ਹੋ ਸਕਦਾ ਹੈ। ਟਰਾਂਸਪਲਾਂਟੇਸ਼ਨ ਪ੍ਰੋਗਰਾਮਾਂ ਨੂੰ ਲਾਗੂ ਕਰਨ ਸਬੰਧੀ ਪ੍ਰਮੁੱਖ ਮੁੱਦਿਆਂ ਅਤੇ ਚੁਣੌਤੀਆਂ ਦੇ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ: ਗੁਪਤਾ ਨੇ ਇੱਕ ਰੂਪ-ਰੇਖਾ ਸਾਂਝੀ ਕੀਤੀ ਜਿਸ ਵਿੱਚ ਇਸ ਉਦੇਸ਼ ਲਈ ਆਈ.ਸੀ.ਯੂ /ਐਮਰਜੈਂਸੀ ਸਟਾਫ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕਰਨ, ਸਿਖਲਾਈ ਅਤੇ ਜਾਗਰੂਕ ਕਰਨ, ਹਸਪਤਾਲਾਂ ਨੂੰ ਟ੍ਰਾਂਸਪਲਾਂਟੇਸ਼ਨ ਸੈਂਟਰਾਂ ਵਜੋਂ ਰਜਿਸਟਰ ਕਰਨ, ਦਿਮਾਗੀ ਮੌਤ ਸਬੰਧੀ ਮਾਮਲਿਆਂ ਅਤੇ ਇਸ ਉਦੇਸ਼ ਸਬੰਧੀ ਲੋਕਾਂ ਨੂੰ ਸਿੱਖਿਅਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰੋ: ਗੁਪਤਾ ਨੇ ਮਰਨ ਉਪਰੰਤ ਅੰਗ ਦਾਨ ਕਰਨ ਦੇ ਖੇਤਰ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ।ਪੰਜਾਬ ਰਾਜ ਆਈ.ਏ.ਐੱਸ. ਅਫਸਰਾਂ ਦੀ ਐਸੋਸੀਏਸ਼ਨ ਦੀ ਇਸ ਉਦੇਸ਼ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਪ੍ਰੋ. ਗੁਪਤਾ ਨੇ ਕਿਹਾ, “ਉੱਚ ਲੀਡਰਸ਼ਿਪ ਦੀ ਮੌਜੂਦਗੀ ਅਤੇ ਡੂੰਘੀ ਦਿਲਚਸਪੀ ਇਕ ਸਕਾਰਾਤਮਕ ਸੰਦੇਸ ਦਿੰਦੀ ਹੈ ਅਤੇ ਸੈਸਨ ਦੇ ਪ੍ਰਭਾਵਸ਼ਾਲੀ ਆਯੋਜਨ ਨੂੰ ਦੇਖਦਿਆਂ ਅੰਗ ਦਾਨ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਕੌਮੀ ਪੱਧਰ ‘ਤੇ ਮਦਦ ਮਿਲੇਗੀ। ”ਇਸ ਸੈਸ਼ਨ ਦੌਰਾਨ ਚੰਡੀਗੜ੍ਹ ਤੋਂ ਗਾਂਧੀ ਪਰਿਵਾਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਸੀ, ਜਿਹਨਾਂ ਨੇ ਸਾਲ 2013 ਵਿਚ ਆਪਣੇ 21 ਸਾਲਾ ਪੁੱਤਰ ਪਰਥ ਦੇ ਮਰਨ ਉਪਰੰਤ ਅੰਗ ਦਾਨ ਕੀਤੇ ਜਿਸ ਨਾਲ ਚਾਰ ਅੰਗ ਨਕਾਰਾ ਹੋ ਚੁੱਕੇ ਮਰੀਜਾਂ ਨੂੰ ਦੂਜਾ ਜੀਵਨ ਮਿਲਿਆ ਅਤੇ ਨਾਲ ਹੀ ਦੋ ਹੋਰ ਮਰੀਜਾਂ ਨੂੰ ਦੁਨੀਆਂ ਦੇਖਣ ਦਾ ਮੌਕਾ ਮਿਲਿਆ ਅਤੇ ਇਸ ਤਰ੍ਹਾਂ ਦਿਲ, ਲਿਵਰ, ਕਿਡਨੀਆਂ ਅਤੇ ਕਾਰਨੀਆ ਦੇ ਦਾਨ ਨਾਲ 6 ਜਿੰਦਗੀਆਂ ਨੂੰ ਨਵਾਂ ਜੀਵਨ ਮਿਲਿਆ।ਜਦੋਂ ਦਾਨੀ ਪਰਥ ਦੇ ਪਿਤਾ ਸ੍ਰੀ ਸੰਜੇ ਗਾਂਧੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸਦੇ ਬੱਚੇ ਨੇ ਅੰਗ ਦਾਨ ਦਾ ਇਹ ਮੁਸ਼ਕਿਲ ਫੈਸਲਾ ਲਿਆ ਤਾਂ ਹਾਲ ਵਿੱਚ ਬੈਠੇ ਲੋਕਾਂ ਦੀਆਂ ਅੱਖਾਂ ਭਰ ਆਈਆਂ।ਇਸ ਤੋਂ ਪਹਿਲਾਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਕਵਿਤਾ ਸਿੰਘ ਨੇ ਕਿਹਾ, ‘‘ ਜ਼ਰੂਰਤਮੰਦਾਂ ਨੂੰ ਅਸਲ ਵਿੱਚ ਅੰਗ ਦਾਨ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ।’’ ਰਾਜ ਵਿੱਚ ਅੰਗ ਦਾਨ/ ਟਰਾਂਸਪਲਾਂਟੇਸ਼ਨ ਗਤੀਵਿਧੀ ਨੂੰ ਬੜ੍ਹਾਵਾ ਦੇਣ ਲਈ ਵਿਭਿੰਨ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਜੁੜ ਕੇ ਅੰਗ ਦਾਨ ਦੇ ਇਸ ਸਰਵਉਪਕਾਰੀ ਉਦੇਸ਼ ਵੱਲ ਧਿਆਨ ਕੇਂਦਰਿਤ ਕਰਨ ਅਤੇ ਇਸ ਤਰ੍ਹਾਂ ਕੀਮਤੀ ਜਾਨਾਂ ਬਚਾਉਣ ਦੇ ਇਰਾਦੇ ਨਾਲ ਇਸ ਸੈਸ਼ਨ ਨੂੰ ਆਯੋਜਿਤ ਕਰਨ ਦਾ ਉਪਰਾਲਾ ਕੀਤਾ ਗਿਆ।ਇਸ ਸੈਸ਼ਨ ਦਾ ਵਿਸ਼ੇਸ਼ ਹਿੱਸਾ ਸਵਾਲ ਜਵਾਬ ਸੈਸ਼ਨ ਸੀ ਜਿਸ ਵਿੱਚ ਭਾਗੀਦਾਰਾਂ ਦਰਮਿਆਨ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਸੈਸ਼ਨ ਦੇ ਅੰਤ ਵਿੱਚ ਭਾਗੀਦਾਰਾਂ ਨੇ ਅੰਗ ਦਾਨ ਕਰਨ ਬਾਰੇ ਸੰਕਲਪ ਲਿਆ ਅਤੇ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਦੁਆਰਾ 500 ਫਾਰਮ ਭਰੇ ਗਏ।