ਕੌਮੀ ਪੁਰਸਕਾਰ ਜਿੱਤਣਾ ਖੂਬਸੂਰਤ ਅਹਿਸਾਸ: ਵਿੱਕੀ ਕੌਸ਼ਲ
ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦਾ ਕਹਿਣਾ ਹੈ ਕਿ ਕੌਮੀ ਪੁਰਸਕਾਰ ਜਿੱਤਣਾ ਇੱਕ ‘ਖੂਬਸੂਰਤ ਅਹਿਸਾਸ’ ਹੈ, ਜੋ ਉਸ ਨੂੰ ਸੁਖਦ ਮਹਿਸੂਸ ਕਰਵਾਉਣ ਦੇ ਨਾਲ ਚੰਗਾ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਵੀ ਕਰਦਾ ਹੈ। ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਨੂੰ ਫਿਲਮ ‘ਉੜੀ- ਦਿ ਸਰਜੀਕਲ ਸਟ੍ਰਾਈਕ’ ਵਿੱਚ ਅਭਿਨੈ ਲਈ ਆਯੂਸ਼ਮਾਨ ਖੁਰਾਣਾ (ਫਿਲਮ ‘ਅੰਧਾਧੁਨ’) ਨਾਲ ਸਾਂਝੇ ਤੌਰ ’ਤੇ ਸਰਵੋਤਮ ਅਦਾਕਾਰ ਦੇ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।ਪੱਤਰਕਾਰਾਂ ਵਲੋਂ ਪੁਰਸਕਾਰ ਬਾਰੇ ਪੁੱਛੇ ਜਾਣ ’ਤੇ ਵਿੱਕੀ ਨੇ ਕਿਹਾ, ‘‘ਇਹ ਬਹੁਤ ਖੂਬਸੂਰਤ ਅਹਿਸਾਸ ਹੈ। ਮੈਂ ਆਪਣੇ ਚਾਰ ਸਾਲ ਦੇ ਕਰੀਅਰ ਵਿੱਚ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਸਨਮਾਨ ਪ੍ਰਾਪਤ ਹੋਵੇਗਾ। ਪਰ ਇਹ ਚੰਗਾ ਕੰਮ ਕਰਦੇ ਰਹਿਣ ਦੀ ਵੱਡੀ ਜ਼ਿੰਮੇਵਾਰੀ ਵੀ ਹੈ।