ਮੋਦੀ ਨੇ ਜੇਤਲੀ ਦੇ ਪਰਿਵਾਰ ਨਾਲ ਦੁੱਖ ਵੰਡਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਦੁਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਨੇ ਦੇਸ਼ ਲਈ ਜੋ ਕੰਮ ਕੀਤੇ ਹਨ, ਉਨ੍ਹਾਂ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ।ਪ੍ਰਧਾਨ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਜੇਤਲੀ ਦੀ ਰਿਹਾਇਸ਼ ’ਤੇ ਪਹੁੰਚੇ ਅਤੇ ਸ੍ਰੀ ਮੋਦੀ ਨਾਲ ਰੋਹਣ ਜੇਤਲੀ ਨੂੰ ਮਿਲੇ। ਇਸ ਮੌਕੇ ਸ੍ਰੀ ਜੇਤਲੀ ਦੇ ਬਾਕੀ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਸ੍ਰੀ ਜੇਤਲੀ ਦੀ ਪਤਨੀ ਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਸ੍ਰੀ ਜੇਤਲੀ ਦੀ ਤਸਵੀਰ ’ਤੇ ਫੁੱਲ ਚੜ੍ਹਾਏ। ਪ੍ਰਧਾਨ ਮੰਤਰੀ ਨੇ ਸ੍ਰੀ ਜੇਤਲੀ ਦੀ ਰਿਹਾਇਸ਼ ’ਤੇ 20-25 ਮਿੰਟ ਬਿਤਾਏ। ਇਸ ਮਗਰੋਂ ਮੋਦੀ ਨੇ ਟਵੀਟ ਕੀਤਾ, ‘ਕਿਸਮਤ ਨੇ ਅਰੁਣ ਜੀ ਨੂੰ ਸਾਥੋਂ ਬਹੁਤ ਜਲਦੀ ਖੋਹ ਲਿਆ, ਪਰ ਉਨ੍ਹਾਂ ਵੱਲੋਂ ਭਾਰਤ ਲਈ ਕੀਤੇ ਚੰਗੇ ਕੰਮਾਂ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ।’