ਭਾਰਤ-ਪਾਕਿ ਤਣਾਅ ਘੱਟ ਕਰਨ ਲਈ ਯਤਨ ਕੀਤਾ: ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਨੇ ਅੱਜ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਭਾਰਤ-ਪਾਕਿਸਤਾਨ ਵਿੱਚ ਚਲ ਰਹੇ ਤਣਾਅ ਨੂੰ ਘੱਟ ਕਰਨ ਲਈ ਕੀਤੇ ਗਏ ਯਤਨ ਹਾਲ ਹੀ ਵਿਚ ਸਮਾਪਤ ਹੋਏ ਜੀ-7 ਸੰਮੇਲਨ ਵਿੱਚ ਦਿੱਤੇ ਪੰਜ ਸੰਦੇਸ਼ਾਂ ਵਿਚੋਂ ਇਕ ਸੀ।ਰਾਸ਼ਟਪਰਤੀ ਟਰੰਪ ਆਪਣੀ ਪਤਨੀ ਨਾਲ ਫਰਾਂਸ ਵਿੱਚ ਸੰਮੇਲਨ ਤੋਂ ਹਿੱਸਾ ਲੈ ਕੇ ਅੱਜ ਆਪਣੇ ਦੇਸ਼ ਪਰਤ ਆਏ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਜੀ-7 ਸੰਮੇਲਨ ਵਿਚ ਪੰਜ ਸੁਝਾਅ ਏਕਤਾ ਦਾ ਸੰਦੇਸ਼, ਇਕ ਅਰਬ ਡਾਲਰ ਦੇ ਵਪਾਰ ਸੌਦੇ ਦੀ ਸੁਰੱਖਿਆ, ਅਮਰੀਕਾ-ਮੈਕਸਿਕੋ-ਕੈਨੇਡਾ ਸਮਝੌਤੇ ਨੂੰ ਅੱਗੇ ਵਧਾਉਣਾ, ਯੂਰਪ ਨਾਲ ਮਜ਼ਬੂਤ ਵਪਾਰਕ ਸਬੰਧ ਸਥਾਪਤ ਕਰਨਾ ਤੇ ਭਾਰਤ-ਪਾਕਿ ਵਿਚ ਤਣਾਅ ਨੂੰ ਘੱਟ ਕਰਨਾ ਦਿੱਤੇ ਗਏ। ਵ੍ਹਾਈਟ ਹਾਊਸ ਨੇ ਇਹ ਵੀ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਵਿਚ ਰਾਸ਼ਟਰਪਤੀ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚ ਵਾਰਤਾਲਾਪ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤੇ ਭਾਰਤ ਦੇ ਅਮਰੀਕਾ ਨਾਲ ਆਰਥਿਕ ਰਿਸ਼ਤੇ ਮਜ਼ਬੂਤ ਕਰਨ ਲਈ ਵੀ ਗੱਲ ਕੀਤੀ। ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਸ਼ਮੀਰ ਮੁੱਦੇ ’ਤੇ ਕਿਸੇ ਤੀਜੀ ਧਿਰ ਵਲੋਂ ਸਾਲਸੀ ਕਰਨ ਦੇ ਯਤਨ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। ਸ੍ਰੀ ਟਰੰਪ ਨੇ ਕਿਹਾ ਕਿ ਉਨ੍ਹਾਂ ਕਸ਼ਮੀਰ ਮੁੱਦੇ ’ਤੇ ਸ੍ਰੀ ਮੋਦੀ ਨਾਲ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਕਿਹਾ ਸੀ ਕਿ ਇਸ ਮਸਲੇ ਨੂੰ ਦੋਹੇਂ ਦੇਸ਼ ਸੁਲਝਾ ਲੈਣਗੇ।