January 22, 2025
#ਖੇਡਾਂ

ਟੀ-20 ਲੜੀ: ਧੋਨੀ ਦੇ ਚੁਣੇ ਜਾਣ ਦੀ ਸੰਭਾਵਨਾ ਘੱਟ

ਮਹਿੰਦਰ ਸਿੰਘ ਧੋਨੀ ਨੇ ਚਾਹੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਫ਼ੈਸਲਾ ਨਹੀਂ ਲਿਆ, ਪਰ ਦੱਖਣੀ ਅਫਰੀਕਾ ਖ਼ਿਲਾਫ਼ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਭਾਰਤ ਦੀ ਤਿੰਨ ਮੈਚਾਂ ਦੀ ਟੀ-20 ਘਰੇਲੂ ਲੜੀ ਲਈ ਟੀਮ ਵਿੱਚ ਉਸ ਦੇ ਚੁਣੇ ਜਾਣ ਦੀ ਸੰਭਾਵਨਾ ਨਹੀਂ ਹੈ। ਟੀਮ ਦੀ ਚੋਣ ਚਾਰ ਸਤੰਬਰ ਨੂੰ ਹੋ ਸਕਦੀ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਮੈਚ ਧਰਮਸ਼ਾਲਾ (15 ਸਤੰਬਰ), ਦੂਜਾ ਮੁਹਾਲੀ (18 ਸਤੰਬਰ) ਅਤੇ ਤੀਜਾ ਬੰਗਲੌਰ (22 ਸਤੰਬਰ) ਵਿੱਚ ਖੇਡਿਆ ਜਾਵੇਗਾ।ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਵੈਸਟ ਇੰਡੀਜ਼ ਨੂੰ 3-0 ਨਾਲ ਹਰਾਉਣ ਵਾਲੀ ਟੀਮ ਨੂੰ ਬਰਕਰਾਰ (ਫਿੱਟਨੈੱਸ ਦੇ ਹਿਸਾਬ ਨਾਲ) ਰੱਖਿਆ ਜਾਵੇ। ਚੋਣ ਕਮੇਟੀ ਟੀਮ ਚੁਣਨ ਲਈ ਆਸਟਰੇਲੀਆ ’ਚ ਅਗਲੇ ਸਾਲ (ਅਕਤੂਬਰ 2020) ਹੋਣ ਵਾਲੇ ਵਿਸ਼ਵ ਟੀ-20 ਕੱਪ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੁੰਦੀ ਹੈ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ, ‘‘ਵਿਸ਼ਵ ਟੀ-20 ਦੇ ਪਹਿਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਸਿਰਫ਼ 22 ਟੀ-20 ਕੌਮਾਂਤਰੀ ਮੈਚ ਖੇਡੇਗੀ ਅਤੇ ਚੋਣਕਾਰ ਸਪਸ਼ਟ ਹਨ ਕਿ ਇਹ ਅੱਗੇ ਵਧਣ ਦਾ ਸਮਾਂ ਹੈ।’’ ਉਨ੍ਹਾਂ ਕਿਹਾ, ‘‘ਉਹ ਸੀਮਤ ਓਵਰਾਂ ਖ਼ਾਸ ਕਰਕੇ ਟੀ-20 ਲਈ ਤਿੰਨ ਵਿਕਟਕੀਪਰਾਂ ਦਾ ਪੂਲ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ।’’ ਹਾਲੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਬੀਸੀਸੀਆਈ ਅਧਿਕਾਰੀ ਜਾਂ ਚੋਣ ਕਮੇਟੀ ਧੋਨੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਸ ਨਾਲ ਗੱਲ ਕਰਨਗੇ ਜਾਂ ਨਹੀਂ। ਵੈਸਟ ਇੰਡੀਜ਼ ਦੌਰੇ ਮੌਕੇ ਸਾਬਕਾ ਭਾਰਤੀ ਕਪਤਾਨ ਨੇ ਪਹਿਲਾਂ ਹੀ ਸੂਚਿਤ ਕੀਤਾ ਸੀ ਕਿ ਉਹ ਨੀਮ-ਫ਼ੌਜ ਦੀ ਆਪਣੀ ਰੈਜੀਮੈਂਟ ਨਾਲ ਕੰਮ ਕਰਨਾ ਚਾਹੁੰਦਾ ਹੈ।