ਹੜ੍ਹ ਪ੍ਰਭਾਵਿਤ ਤਿੰਨ ਹੋਰ ਪਿੰਡਾਂ ’ਚ ਬਿਜਲੀ ਸਪਲਾਈ ਬਹਾਲ
ਹੁਣ ਤੱਕ ਹੜ੍ਹ ਪ੍ਰਭਾਵਿਤ 21 ਪਿੰਡਾਂ ਵਿਚੋਂ 14 ’ਚ ਬਿਜਲੀ ਸਪਲਾਈ ਚਾਲੂ
ਸ਼ਾਹਕੋਟ -ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ ਹੋਰ ਪਿੰਡਾਂ ਵਿੱਚ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ ਕੁੱਲ 21 ਹੜ੍ਹ ਪ੍ਰਭਾਵਿਤ ਪਿੰਡਾਂ ਵਿਚੋਂ 14 ਪਿੰਡਾਂ ਵਿੱਚ ਬਿਜਲੀ ਸਪਲਾਈ ਨਿਰਵਿਘਨ ਚਾਲੂ ਹੋ ਗਈ ਹੈ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਵਲੋਂ ਪਿੰਡ ਮੰਡਾਲਾ, ਨਸੀਰਪੁਰ ਅਤੇ ਜਾਨੀਆਂ ਵਿੱਚ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਇਸ ਤੋਂ ਪਹਿਲਾਂ ਪਿੰਡ ਗੱਟੀ ਰਾਏਪੁਰ, ਗੱਟੀ ਬਖ਼ਸ, ਕਮਾਲਪੁਰ, ਜੱਕਾਪੁਰ, ਕੱਕੜ ਕਲਾਂ, ਫਤਿਹਪੁਰ, ਨਵਾਂ ਪਿੰਡ ਖਾਲੇਵਾਲ, ਕੰਗ ਖੁਰਦ, ਜਲਾਲਪੁਰ, ਸਰਦਾਰਵਾਲਾ ਅਤੇ ਕੋਠਾ ਵਿਚ ਐਤਵਾਰ ਤੱਕ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿਉਂ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਤਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡਾਂ ਵਿਚ ਪਾਣੀ ਭਰਿਆ ਹੋਣ ਦੇ ਮੱਦੇਨਜ਼ਰ ਖਤਰੇ ਨੂੰ ਦਰਕਿਨਾਰ ਕਰਦਿਆਂ ਬਿਜਲੀ ਸਪਲਾਈ ਬਹਾਲ ਕਰਨ ਵਿਚ ਮਿਲੀ ਸਫਲਤਾ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਜਲਦੀ ਬਿਜਲੀ ਸਪਲਾਈ ਸ਼ੁਰੂ ਕੀਤੀ ਜਾ ਰਹੀ ਹੈ। ਕਾਰਜ ਕਾਰੀ ਇੰਜੀਨੀਅਰ (ਸਿਟੀ ਡਵੀਜ਼ਨ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਘੱਟ ਰਿਹਾ ਹੈ ਬਿਜਲੀ ਵਿਭਾਗ ਦੇ ਸਟਾਫ਼ ਵਲੋਂ ਪਿੰਡਾਂ ਵਿੱਚ ਬਿਜਲੀ ਬਹਾਲ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਜਲਦੀ ਬਿਜਲੀ ਬਹਾਲੀ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਬਿਜਲੀ ਵਿਭਾਗ ਦੇ ਬੁਨਿਆਦੀ ਢਾਂਚੇ ਜਿਵੇਂ ਕਿ ਬਿਜਲੀ ਮੀਟਰ, ਤਾਰਾ, ਖੰਬੇ ਅਤੇ ਟਰਾਂਸਫਾਰਮਰ ਦੇ ਹੋਏ ਨੁਕਸਾਨ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ।