January 22, 2025
#ਪੰਜਾਬ

ਪਾੜ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ: ਸਰਕਾਰੀਆ

ਜਲੰਧਰ, ਲੁਧਿਆਣਾ ਅਤੇ ਮੋਗਾ ਜ਼ਿਲ੍ਹੇ ਵਿੱਚ ਹੁਣ ਤੱਕ 12 ਪਾੜ ਪੂਰੇ
ਚੰਡੀਗੜ੍ਹ – ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਇਥੇ ਦੱਸਿਆ ਕਿ ਹੁਣ ਤੱਕ ਸਤਲੁਜ ਦਰਿਆ ਦੇ 12 ਪਾੜ ਸਫਲਤਾਪੂਰਵਕ ਪੂਰੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪਾੜਾਂ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਨ੍ਹਾਂ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਪੂਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਭਾਰੀ ਮੀਂਹਾਂ ਕਾਰਨ ਸਤਲੁਜ ਦਰਿਆ ਵਿੱਚ ਕੁੱਝ ਥਾਵਾਂ ’ਤੇ ਪਾੜ ਪੈ ਗਏ ਸਨ। ਜਲ ਸਰੋਤ ਮੰਤਰੀ ਵੱਲੋਂ ਰਾਹਤ ਕਾਰਜਾਂ ਅਤੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣੀ ਇਕ ਮਹੀਨੇ ਦੀ ਤਨਖ਼ਾਹ ਵੀ ਦਿੱਤੀ ਗਈ ਹੈ।ਸ੍ਰੀ ਸਰਕਾਰੀਆ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਨਾਲ ਸੂਬੇ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਪੰਜਾਬ ਸਰਕਾਰ ਅਤੇ ਕਈ ਸੰਗਠਨਾਂ ਦੇ ਵਾਲੰਟੀਅਰਾਂ ਦੇ ਅਣਥੱਕ ਯਤਨਾਂ ਬਦੌਲਤ 12 ਪਾੜ ਸਫਲਤਾਪੂਰਵਕ ਪੂਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਪਾੜ ਪੂਰਨ ਵਿੱਚ ਸਰਗਰਮ ਭੂਮਿਕਾ ਨਿਭਾਈ ਗਈ ਹੈ।ਜਲ ਸਰੋਤ ਮੰਤਰੀ ਨੇ ਦੱਸਿਆ ਕਿ ਫਿਲੌਰ ਸਬ ਡਿਵੀਜ਼ਨ ਦੇ ਪਿੰਡ ਮਿਓਵਾਲ ਅਤੇ ਮਾੳੂ ਸਾਹਿਬ ਵਿਖੇ 9 ਪਾੜ ਪੂਰੇ ਜਾਣ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੋਲੇਵਾਲ ਵਿਖੇ 168 ਫੁੱਟ ਚੌੜੇ ਪਾੜ ਨੂੰ ਸ਼ਨਿੱਚਰਵਾਰ ਨੂੰ ਪੂਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਵਿਖੇ ਵੀ ਦੋ ਪਾੜ ਪੂਰੇ ਗਏ ਹਨ।ਸ੍ਰੀ ਸਰਕਾਰੀਆ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਜਾਨੀਆਂ ਚਾਹਲ ਵਿਖੇ 500 ਫੁੱਟ ਚੌੜੇ ਪਾੜ ਅਤੇ ਸੰਗੋਵਾਲ ਵਿਖੇ 200 ਫੁੱਟ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਪਿੰਡ ਭਾਉਵਾਲ ਵਿੱਚ 50 ਫੁੱਟ, ਪਿੰਡ ਖੈਰਾਬਾਦ ਵਿੱਚ 150 ਫੁੱਟ ਅਤੇ ਪਿੰਡ ਸੁਰਤਾਪੁਰ ਵਿੱਚ 60 ਫੁੱਟ ਪਾੜ ਨੂੰ ਪੂਰਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਨਿਗਰਾਨ ਇੰਜਨੀਅਰ ਅਤੇ ਕਾਰਜਕਾਰੀ ਇੰਜਨੀਅਰ ਰਾਹਤ ਕਾਰਜਾਂ ਲਈ ਡਟੇ ਹੋਏ ਹਨ। ਦੱਸਣਯੋਗ ਹੈ ਕਿ ਜਲ ਸਰੋਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਛੇ ਵਾਰ ਦੌਰਾ ਕਰਕੇ ਪਾੜ ਪੂਰੇ ਜਾਣ ਦੇ ਕੰਮਾਂ ਦਾ ਜਾਇਜ਼ਾ ਲਿਆ ਹੈ। ਸ੍ਰੀ ਸਰਕਾਰੀਆ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਬੰਨ੍ਹਾਂ ਦੇ ਨਿਰਮਾਣ ਅਤੇ ਐਮਰਜੈਂਸੀ ਮੁਰੰਮਤ ਲਈ ਵਿਭਾਗ ਦੇ ਨਿਗਰਾਨ ਇੰਜਨੀਅਰਾਂ ਨੂੰ ਲੋੜੀਂਦਾ ਸਾਮਾਨ ਖਰੀਦਣ ਅਤੇ ਮਜ਼ਦੂਰ ਲਗਾਉਣ ਵਾਸਤੇ 2 ਕਰੋੜ ਰੁਪਏ ਤੱਕ ਦੇ ਫੰਡਾਂ ਦੀ ਵਰਤੋਂ ਦਾ ਅਖ਼ਤਿਆਰ ਦਿੱਤਾ ਗਿਆ ਹੈ।ਚੀਫ ਇੰਜਨੀਅਰ ਡਰੇਨੇਜ ਸ੍ਰੀ ਸੰਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਪਾੜ ਪੂਰੇ ਜਾਣ ਦੇ ਕਾਰਜਾਂ ਵਿੱਚ ਤਕਨੀਕੀ ਮਦਦ ਜਲ ਸਰੋਤ ਵਿਭਾਗ ਦੇ ਡਰੇਨੇਜ ਵਿੰਗ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾੜ ਪੂਰਨ ਦੇ ਅਪਰੇਸ਼ਨ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ’ਚ ਸਾਰੇ ਪਾੜ ਪੂਰ ਦਿੱਤੇ ਜਾਣਗੇ।