ਸੂਬਾ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਜਿਲ੍ਹਿਆਂ ਲਈ 4.5 ਕਰੋੜ ਰੁਪਏ ਜਾਰੀ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਸੂਬਾ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਜਿਲ੍ਹਿਆਂ ਲਈ 4.5 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਮਾਲ ਮੰਤਰੀ, ਪੰਜਾਬ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੀ।ਜਲੰਧਰ, ਕਪੂਰਥਲਾ ਅਤੇ ਰੂਪਨਗਰ ਲਈ ਇਕ-ਇਕ ਕਰੋੜ ਰੁਪਏ ਦੇ ਅਨੁਪਾਤ ਨਾਲ ਰਾਸ਼ੀ ਜਾਰੀ ਕੀਤੀ ਗਈ ਜਦਕਿ ਲੁਧਿਆਣਾ, ਮੋਗਾ ਅਤੇ ਫਿਰੋਜਪੁਰ ਨੂੰ 50-50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਸ. ਕਾਂਗੜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਰਾਹਤ/ਬਚਾਅ ਕਾਰਜ ਸੁਰੂ ਕਰਨ ਲਈ 2.10 ਕਰੋੜ ਰੁਪਏ ਦੀ ਰਾਸ਼ੀ 35 ਲੱਖ ਰੁਪਏ ਦੇ ਅਨੁਪਾਤ ਨਾਲ ਇਨ੍ਹਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ, ਪੰਜਾਬ ਦੀ ਪ੍ਰਧਾਨਗੀ ਹੇਠ ਆਫਤ ਪ੍ਰਬੰਧਨ ਸਮੂਹ ਦੀ ਸੋਮਵਾਰ ਨੂੰ ਹੋਈ ਮੀਟਿੰਗ ਦੌਰਾਨ ਪ੍ਰਭਾਵਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਹੋਰ ਫੰਡਾਂ ਦੀ ਮੰਗ ਕੀਤੀ ਸੀ। ਮੰਗ ਦੇ ਮੁਤਾਬਕ, ਫੌਰੀ ਲੋੜ ਵਾਲੇ ਰਾਹਤ ਕਾਰਜਾਂ ਲਈ ਉਨ੍ਹਾਂ ਨੂੰ ਫੰਡ ਜਾਰੀ ਕੀਤੇ ਗਏ ਹਨ।ਜਿਹਨਾਂ ਰਾਹਤ ਕਾਰਜਾਂ ਲਈ ਰਕਮ ਜਾਰੀ ਕੀਤੀ ਗਈ ਉਹਨਾਂ ਵਿੱਚ ਮੁੱਖ ਤੌਰ ’ਤੇ ਪਸੂਆਂ ਲਈ ਚਾਰੇ ਦੀ ਵਿਵਸਥਾ, ਮਰੇ ਹੋਏ ਪਸ਼ੂਆਂ ਦੇ ਨਿਪਟਾਰੇ, ਆਰਜੀ ਰਿਹਾਇਸ਼ ਤੱਕ ਪਹੁੰਚ, ਟੈਂਟ, ਤਰਪਾਲਾਂ, ਅਸਥਾਈ ਪਖਾਨੇ, ਦਵਾਈਆਂ, ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਪਾਊਡਰ ਵਾਲਾ ਦੁੱਧ, ਨਦੀ ਦੇ ਕਿਨਾਰਿਆਂ/ਪਾਣੀ ’ਚੋਂ ਮਲਬਾ ਇੱਕਠਾ ਕਰਨਾ, ਰੁੱਕੇ ਹੋਏ ਪਾਣੀ ’ਤੇ ਸਪਰੇਅ ਕਰਨਾ ਆਦਿ ਸ਼ਾਮਿਲ ਹੈ।