ਮਨਪ੍ਰੀਤ ਸਿੰਘ ਬਾਦਲ ਵੱਲੋਂ ਸਨਅਤਕਾਰਾਂ ਨੂੰ ਪੰਜਾਬ ’ਚ ਵੱਡੇ ਨਿਵੇਸ਼ ਲਈ ਸੱਦਾ
ਪੰਜਾਬ ਨੂੰ ਵੱਡੀ ਸਨਅਤੀ ਸਮਰੱਥਾ ਅਤੇ ਮੌਕਿਆਂ ਵਾਲਾ ਸੂਬਾ ਦੱਸਿਆ
ਬੰਗਲੁਰੂ – ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਅੱਜ ਇਥੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸੂਬੇ ਵਿੱਚ ਨਿਵੇਸ਼ਕਾਂ ਤੇ ਸਨਅਤਾਂ ਪੱਖੀ ਮਾਹੌਲ ਹੈ ਅਤੇ ਇਸ ਵਾਸਤੇ ਸਰਕਾਰ ਵੱਲੋਂ ਸਨਅਤਾਂ ਨੂੰ ਸਬਸਿਡੀਆਂ ਅਤੇ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਥੇ ਸੀਆਈਆਈ ਵੱਲੋਂ ਕਰਵਾਏ ਗਏ 8ਵੇਂ ਇਨਵੈਸਟ ਨਾਰਥ ਸੰਮੇਲਨ ਦੌਰਾਨ ਪੰਜਾਬ ਵਿੱਚ ਸਨਅਤੀ ਮਾਹੌਲ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਰਸੇ ਅਤੇ ਸੱਭਿਅਤਾ ਦਾ ਪੰਘੂੜਾ ਰਿਹਾ ਹੈ ਅਤੇ ਇਸ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਦੇਸ਼ ਦੀ ਅੰਦਰੂਨੀ ਤੇ ਬਾਹਰੀ ਰੱਖਿਆ ਕੀਤੇ ਜਾਣ ਕਾਰਨ ਹੀ ਪੰਜਾਬ ਨੂੰ ਦੇਸ਼ ਦੀ ‘ਖੜਗ ਭੁਜਾ’ ਦਾ ਖਿਤਾਬ ਮਿਲਿਆ ਹੈ। ਪਰ ਬਦਕਿਸਮਤੀ ਨਾਲ ਪੰਜਾਬ ਨੂੰ ਅਤਿਵਾਦ ਅਤੇ ਹਿੰਸਾ ਦੇ ਕਾਲੇ ਦੌਰ ਵਿੱਚੋਂ ਲੰਘਣਾ ਪਿਆ, ਜਿਸ ਕਾਰਨ ਇਸ ਦੀ ਆਰਥਿਕ ਰਫ਼ਤਾਰ ਅਤੇ ਖ਼ੁਸ਼ਹਾਲੀ ਰੁਕ ਗਈ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਆਪਣੇ ਜੁਝਾਰੂ ਜਜ਼ਬੇ ਨਾਲ ਸੂਬੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੈ ਜੋ ਐਨ ਉਥਲ-ਪੁਥਲ ਬਾਅਦ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋਇਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮਾਰਚ 2017 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਂਦੇ ਸਾਰ ਸੂਬੇ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਅਤੇ ਸਰਬਪੱਖੀ ਵਿਕਾਸ ਲਈ ਕਈ ਕਦਮ ਚੁੱਕੇ ਗਏ। ਮੌਜੂਦਾ ਸਰਕਾਰ ਦੇ ਨਿਵੇਸ਼ ਪੱਖੀ ਉੱਦਮਾਂ ਸਦਕਾ ਸਨਅਤਾਂ ਪੰਜਾਬ ਵੱਲ ਰੁਖ ਕਰ ਰਹੀਆਂ ਹਨ, ਜੋ ਕਿ ਪਿਛਲੀ ਸਰਕਾਰ ਸਮੇਂ ਇਥੋਂ ਕੂਚ ਕਰ ਰਹੀਆਂ ਸਨ। ਨਿਵੇਸ਼ ਪੱਖੀ ਮਾਹੌਲ ਅਤੇ ਨੀਤੀਆਂ ਕਾਰਨ ਉੱਦਮੀਆਂ ਵਿੱਚ ਸੂਬੇ ਵਿੱਚ ਨਿਵੇਸ਼ ਲਈ ਉਤਸ਼ਾਹ ਵਧਿਆ ਹੈ ਅਤੇ ਰਾਜ ਦੇ ਸਨਅਤੀ ਵਿਕਾਸ ਨਵ ਸਾਰਥਿਕ ਲਹਿਰ ਆਈ ਹੈ। ਇਸੇ ਦਾ ਨਤੀਜਾ ਹੈ ਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਸੂਬੇ ਵਿੱਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੁਲਕ ਵਿੱਚ ਤੇਜ਼ੀ ਨਾਲ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ ਅਤੇ ਜਾਪਾਨ, ਚੀਨ, ਸੰਯੁਕਤ ਅਰਬ ਅਮੀਰਾਤ, ਸਪੇਨ ਅਤੇ ਸਿੰਗਾਪੁਰ ਆਦਿ ਮੁਲਕਾਂ ਤੋਂ ਆਏ ਵਿਦੇਸ਼ੀ ਵਫ਼ਦਾਂ ਵੱਲੋਂ ਵੀ ਸੂਬੇ ਵਿੱਚ ਨਿਵੇਸ਼ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ। ਸਨਅਤੀ ਵਿਕਾਸ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ‘ਇਨਵੈਸਟ ਪੰਜਾਬ- ਬਿਜ਼ਨੈਸ ਫਸਟ ਪੋਰਟਲ’ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਹੈ, ਜਿਥੇ 16 ਵਿਭਾਗਾਂ/ਏਜੰਸੀਆਂ ਨਾਲ ਸਬੰਧ 46 ਤਰ੍ਹਾਂ ਦੀਆਂ ਰੈਗੂਲੇਟਰੀ ਪ੍ਰਵਾਨਗੀ ਸਬੰਧੀ ਸੇਵਾਵਾਂ ਮੁਹੱਈਆ ਕਰਾਉਣ ਤੋਂ ਇਲਾਵਾ ਲਘੂ, ਦਰਮਿਆਨੇ ਤੇ ਵੱਡੇ ਉਦਯੋਗਾਂ ਨੂੰ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਨਿਵੇਸ਼ ਕਰਨ ਲਈ ਉੱਘੇ ਉਦਯੋਗਪਤੀਆਂ ਨੂੰ ਸੱਦਾ ਦਿੰਦੇ ਹੋਏ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬੇ ਵਿੱਚ ਉਦਯੋਗ ਲਾਉਣ ਲਈ ਉਨ੍ਹਾਂ ਨੂੰ ਪੂਰਾ ਸਹਿਯੋਗ ਅਤੇ ਸਮਰਥਨ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਵਪਾਰ ਦੀਆਂ ਵੱਡੀਆਂ ਸੰਭਾਵਨਾਵਾਂ ਵਾਲਾ ਇਲਾਕਾ ਹੈ। ਇਸ ਮੌਕੇ ਆਪਣੇ ਭਾਸ਼ਣ ਵਿੱਚ ਪੀ.ਡਬਲਿਊ.ਡੀ. ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੋਹਾਲੀ ਦੇਸ਼ ਵਿੱਚ ਹੈਦਰਾਬਾਦ ਤੇ ਬੰਗਲੂਰੂ ਤੋਂ ਬਾਅਦ ਇੱਕ ਵੱਡੀ ਉਦਯੋਗਿਕ ਹੱਬ ਵਜੋਂ ਉੱਭਰ ਰਿਹਾ ਹੈ।