ਮਨਪ੍ਰੀਤ ਬਾਦਲ ਵੱਲੋਂ ਇਨਫੋਸਿਸ ਦੇ ਸਹਿ-ਬਾਨੀ ਨੰਦਨ ਨੀਲਕਾਨੀ ਤੇ ਵੋਲਵੋ ਦੇ ਪ੍ਰਧਾਨ ਕਮਲ ਬਾਲੀ ਨਾਲ ਮੁਲਾਕਾਤ
ਇਨਵੈਸਟ ਪੰਜਾਬ ਦੇ ਵਫ਼ਦ ਵੱਲੋਂ ਸੂਬੇ ’ਚ ਨਿਵੇਸ਼ ਦਾ ਸੱਦਾ ਦਿੰਦਿਆਂ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ
ਬੰਗਲੁਰੂ – ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੀ.ਡਬਲਿਊ.ਡੀ. ਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠਲੇ ਇਨਵੈਸਟ ਪੰਜਾਬ ਦੇ ਵਫ਼ਦ ਵੱਲੋਂ ਸ਼ੁੱਕਰਵਾਰ ਨੂੰ ਇਥੇ ਇਨਫੋਸਿਸ ਦੇ ਸਹਿ-ਬਾਨੀ ਅਤੇ ਨਾਨ-ਐਗਜ਼ੀਕਿਊਟਿਵ ਚੇਅਰਮੈਨ ਸ੍ਰੀ ਨੰਦਨ ਨੀਲਕਾਨੀ ਅਤੇ ਵੋਲਵੋ ਗਰੁੱਪ ਦੇ ਪ੍ਰਧਾਨ ਅਤੇ ਐਮ.ਡੀ. ਸ੍ਰੀ ਕਮਲ ਬਾਲੀ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਸ੍ਰੀ ਨੀਲਕਾਨੀ ਨਾਲ ਮੀਟਿੰਗ ਦੌਰਾਨ ਵਫਦ ਨੇ ਕਿਹਾ ਕਿ ਇਨਫੋਸਿਸ ਵਰਗੀ ਬਹੁ-ਕੌਮੀ ਕੰਪਨੀ ਨੂੰ ਪੰਜਾਬ ਵਿੱਚ ਵੱਡਾ ਪ੍ਰਾਜੈਕਟ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਸੂਬੇ ਵਿੱਚ ਵਪਾਰ ਅਤੇ ਨਿਵੇਸ਼ ਦੇ ਅਥਾਹ ਮੌਕੇ ਹਨ। ਆਈ.ਟੀ. ਸਿਟੀ ਵਜੋਂ ਜਾਣੇ ਜਾਂਦੇ ਮੁਹਾਲੀ (ਐਸਏਐਸ ਨਗਰ) ਸ਼ਹਿਰ ਵਿੱਚ ਮੌਜੂਦ ਸੂਚਨਾ ਤਕਨਾਲੋਜੀ ਢਾਂਚੇ ਕਾਰਨ ਸ੍ਰੀ ਨੀਲਕਾਨੀ ਵੱਲੋਂ ਇਨਫੋਸਿਸ ਦਾ ਸਟਾਰਟਅੱਪ ਈਕੋਸਿਸਟਮ ਵਿਕਸਤ ਕਰਨ ਵਿੱਚ ਰੁਚੀ ਦਿਖਾਈ। ਇਸ ਦੌਰਾਨ ਮੁਹਾਲੀ ਵਿੱਚ ਸੂਚਨਾ ਤਕਨਾਲੋਜੀ ਸੇਵਾਵਾਂ ਢਾਂਚਾ ਵਿਕਸਤ ਕਰਨ ਬਾਰੇ ਵੀ ਚਰਚਾ ਕੀਤੀ ਗਈ। ਇਸ ਬਾਅਦ ਵਫ਼ਦ ਵੱਲੋਂ ਲਗਜ਼ਰੀ ਵਾਹਨ ਬਣਾਉਣ ਵਾਲੇ ਸੰਸਾਰ ਪ੍ਰਸਿੱਧ ਵੋਲਵੋ ਗਰੁੱਪ ਦੇ ਪ੍ਰਧਾਨ ਅਤੇ ਐਮ.ਡੀ. ਸ੍ਰੀ ਕਮਲ ਬਾਲੀ ਨਾਲ ਬੈਠਕ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਵਿੱਚ ਵੋਲਵੋ ਡਿਜ਼ਾਈਨ ਸੈਂਟਰ ਅਤੇ ਵਾਹਨਾਂ ਲਈ ਸਰਵਿਸ ਸੈਂਟਰ ਖੋਲ੍ਹ੍ਹਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਡਰਾਈਵਰਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹ੍ਹਣ ਬਾਰੇ ਵੀ ਚਰਚਾ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਨੌਕਰੀ ਹਾਸਲ ਕਰਨ ਦੇ ਯੋਗ ਬਣਾਇਆ ਜਾ ਸਕੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੋਲਵੋ ਗਰੁੱਪ ਦੇ ਪ੍ਰਧਾਨ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਵਾਲੀ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਬਦੌਲਤ ਪੰਜਾਬ ਵਿੱਚ ਵਪਾਰ ਅਤੇ ਨਿਵੇਸ਼ ਲਈ ਬੇਹੱਦ ਸਾਜ਼ਗਾਰ ਮਾਹੌਲ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਮੌਜੂਦਾ ਅਤੇ ਨਵੇਂ ਉਦਯੋਗਾਂ ਨੂੰ ਕਈ ਤਰ੍ਹ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਜਾ ਰਹੀ ਹਨ। ਉਨ੍ਹ੍ਹਾਂ ਦੱਸਿਆ ਕਿ ਸਰਕਾਰ ਦੀਆਂ ਨਿਵੇਸ਼ਕ ਪੱਖੀ ਸਨਅਤੀ ਤੇ ਵਪਾਰਕ ਨੀਤੀਆਂ ਸਦਕਾ ਪੰਜਾਬ ਉਦਯੋਗਿਕ ਵਿਕਾਸ ਦੀ ਸਿਖ਼ਰ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਦਾ ਸਬੂਤ ਮੌਜੂਦਾ ਸਰਕਾਰ ਦੇ ਮਾਰਚ 2017 ਵਿੱਚ ਸੱਤਾ ਸੰਭਾਲਣ ਬਾਅਦ ਸੂਬੇ ਵਿੱਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਨੇ ਸੂਬੇ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਵਿੱਤ ਮੰਤਰੀ ਨੇ ਦੱਸਿਆ ਕਿ ਇਨਵੈਸਟ ਪੰਜਾਬ ਵੱਲੋਂ ਇਕ ਹੀ ਛੱਤ ਥੱਲੇ ਕਈ ਤਰ੍ਹਾਂ ਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਅਤੇ ਹੋਰ ਸੇਵਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ‘ਇਨਵੈਸਟ ਪੰਜਾਬ- ਬਿਜ਼ਨੈੱਸ ਫਸਟ ਪੋਰਟਲ’ ਇਕ ਮੀਲ ਪੱਥਰ ਸਾਬਿਤ ਹੋਇਆ ਹੈ, ਜਿਥੇ 16 ਵਿਭਾਗਾਂ/ਏਜੰਸੀਆਂ ਨਾਲ ਸਬੰਧਤ 46 ਤਰ੍ਹ੍ਹਾਂ ਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਸਬੰਧੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਲਘੂ, ਦਰਮਿਆਨੇ ਤੇ ਵੱਡੇ ਉਦਯੋਗਾਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਬਾਦਲ ਨੇ ਦੱਸਿਆ ਕਿ ਪੰਜਾਬ ਤੇਜ਼ੀ ਨਾਲ ਮੁਲਕ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ ਅਤੇ ਕਈ ਕੌਮਾਂਤਰੀ ਪੱਧਰ ਦੇ ਸਨਅਤੀ ਗਰੁੱਪਾਂ ਤੇ ਬਹੁ-ਕੌਮੀ ਕੰਪਨੀਆਂ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਦੀ ਰੁਚੀ ਦਿਖਾਈ ਗਈ ਹੈ। ਪੀ.ਡਬਲਿਊ.ਡੀ. ਅਤੇ ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਸਨਅਤੀ ਨੀਤੀ ਨੇ ਸੂਬੇ ਨੂੰ ਵਿਕਾਸ ਦੇ ਪੰਧ ’ਤੇ ਪਾਇਆ ਹੈ ਅਤੇ ਪੰਜਾਬ ਬਹੁਤ ਜਲਦੀ ਦੇਸ਼ ਦੇ ਸਨਅਤੀ ਨਕਸ਼ੇ ’ਤੇ ਮੋਹਰੀ ਰਾਜ ਵਜੋਂ ਉਭਰੇਗਾ। ਇਨਵੈਸਟਮੈਂਟ ਪ੍ਰਮੋਸ਼ਨ, ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਵਿੱਚ ਸਨਅਤੀ ਨਿਵੇਸ਼ ਕਰਨ ਵਾਲਿਆਂ ਨੂੰ ਪੂਰਨ ਸਹਿਯੋਗ ਤੇ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਵੀ ਸ਼ਾਮਲ ਸਨ।