September 9, 2024
#ਪ੍ਰਮੁੱਖ ਖ਼ਬਰਾਂ #ਭਾਰਤ

ਯੂਨਾਈਟਿਡ ਬੈਂਕ ਅਤੇ ਓ.ਬੀ.ਸੀ. ਦਾ ਪੀ.ਐਨ.ਬੀ. ’ਚ ਹੋਵੇਗਾ ਰਲੇਵਾਂ-ਬਣੇਗਾ ਦੇਸ਼ ਦਾ ਦੂਜਾ ਵੱਡਾ ਸਰਕਾਰੀ ਬੈਂਕ

10 ਬੈਂਕਾਂ ਦੇ ਆਪਸੀ ਰਲੇਵੇਂ ਬਾਅਦ ਬਣ ਜਾਣਕੇ 4 ਵੱਡੇ ਸਰਕਾਰੀ ਬੈਂਕ

ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੈਂਕਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ’ਚ ਯੁਨਾਇਟਿਡ ਬੈਂਕ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਦਾ ਰਲੇਵਾਂ ਹੋਵੇਗਾ। ਇਸ ਰਲੇਵੇਂ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇਸ਼ ਦਾ ਦੂਜਾ ਵੱਡਾ ਸਰਕਾਰੀ ਬੈਂਕ ਬਣ ਜਾਵੇਗਾ। ਇਸ ਤੋਂ ਇਲਾਵਾ ਨਿਰਮਲਾ ਸੀਤਾਰਮਣ ਨੇ ਕੈਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦੇ ਰਲੇਵੇਂ ਦਾ ਵੀ ਐਲਾਨ ਕੀਤਾ। ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਯੂਨੀਅਨ ਬੈਂਕ ਆਫ ਇੰਡੀਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਵੀ ਰਲੇਵਾਂ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਬੈਂਕਿੰਗ ਸੈਕਟਰ ’ਚ ਮਜ਼ਬੂਤੀ ਆਈ ਹੈ। ਐਨ.ਪੀ.ਏ. ’ਚ ਕਮੀ ਆਈ ਹੈ ਅਤੇ ਬੈਂਕਾਂ ਦਾ ਲਾਭ ਵਧਿਆ ਹੈ। ਦੇਸ਼ ਦੇ 18 ਸਰਕਾਰੀ ਬੈਂਕਾਂ ਵਿੱਚੋਂ 14 ਲਾਭ ’ਚ ਹਨ ਅਤੇ ਐਨ.ਪੀ.ਏ. ਘੱਟ ਕੇ 7.90 ਲੱਖ ਕਰੋੜ ਦੇ ਪੱਧਰ ’ਤੇ ਆ ਗਿਆ ਹੈ। ਦਸੰਬਰ 2018 ’ਚ 8.65 ਲੱਖ ਕਰੋੜ ਦਾ ਸੀ। ਉਨ੍ਹਾਂ ਨੇ ਕਿਹਾ ਕਿ 23 ਅਗਸਤ ਦੀ ਪ੍ਰੈੱਸ ਕਾਨਫਰੈਂਸ ਦੇ ਬਾਅਦ ਤੋਂ ਹੁਣ ਤੱਕ 8 ਬੈਂਕ ਆਪਣੇ ਲੋਨ ਨੂੰ ਰੈਪੋ ਰੇਟ ਨਾਲ ਜੋੜ ਚੁੱਕੇ ਹਨ। ਵਿੱਤ ਮੰਤਰੀ ਦੇ ਐਲਾਨ ਅਨੁਸਾਰ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੁਨਾਇਟਿਡ ਬੈਂਕ ਦੇ ਰਲੇਵੇਂ ਨਾਲ ਬਣਨ ਵਾਲੇ ਬੈਂਕ ਕੋਲ 17.95 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ ਅਤੇ ਇਸ ਦੀਆਂ 11,437 ਸ਼ਾਖਾਵਾਂ ਹੋਣਗੀਆਂ। ਕੈਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਰਲੇਵਾਂ ਹੋਵੇਗਾ ਅਤੇ ਇਸ ਨਾਲ 15.20 ਲੱਖ ਕੋਰੜ ਰੁਪਏ ਦਾ ਕਾਰੋਬਾਰ ਹੋਵੇਗਾ। ਇਹ ਚੌਥਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣੇਗਾ। ਯੂਨੀਅਨ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਹੋਵੇਗਾ ਰਲੇਵਾਂ। ਇਸ ਰਲੇਵੇਂ ਨਾਲ ਇਹ ਦੇਸ਼ ਦਾ 5ਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੋਵੇਗਾ ਜਿਸਦਾ ਕੁੱਲ ਕਾਰੋਬਾਰ 14.59 ਲੱਖ ਕਰੋੜ ਰੁਪਏ ਦਾ ਹੋਵੇਗਾ। ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦੇ ਰਲੇਵੇਂ ਨਾਲ 8.08 ਲੱਖ ਕਰੋੜ ਰੁਪਏ ਦੇ ਕਾਰੋਬਾਰ ਦੇ ਨਾਲ ਜਨਤਕ ਖੇਤਰ ਦਾ 7ਵਾਂ ਵੱਡਾ ਬੈਂਕ ਬਣੇਗਾ। ਬੈਂਕ ਆਫ ਇੰਡੀਆ ਅਤੇ ਸੈਂਟਰਲ ਬੈਂਕ ਆਫ ਇੰਡੀਆ ਪਬਲਿਕ ਖੇਤਰ ਦੇ ਬੈਂਕ ਦੇ ਰੂਪ ’ਚ ਬਣੇ ਰਹਿਣਗੇ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ 5 ਟਿ੍ਰਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਬੈਂਕਿੰਗ ਸੈਕਟਰ ਨੂੰ ਲੈ ਕੇ ਕਿਹਾ ਕਿ ਲੋਕਾਂ ਦੇ ਹਿੱਤ ’ਚ ਫੈਸਲੇ ਲਏ ਜਾ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਹਾਊਸਿੰਗ ਫਾਇਨਾਂਸ ਨੂੰ 3300 ਕਰੋੜ ਰੁਪਏ ਦਾ ਸਪੋਰਟ ਦੇਵੇਗੀ। ਹੁਣ ਤੱਕ 3 ਲੱਖ ਤੋਂ ਜ਼ਿਆਦਾ ਸ਼ੈੱਲ ਕੰਪਨੀਆਂ ਬੰਦ ਹੋ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਨੇ ਨੀਰਵ ਮੋਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਗੌੜੇ ਦੀ ਜਾਇਦਾਦ ਦੀ ਰਿਕਵਰੀ ਜਾਰੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਨੇ ਉਪਭੋਗਤਾਵਾਂ ਦੇ ਹਿੱਤਾਂ ’ਚ ਐਲਾਨ ਕੀਤੇ ਹਨ।