January 22, 2025
#ਪੰਜਾਬ

ਮਿਲਕਫੈੱਡ ਨੇ ਕਿਸਾਨਾਂ ਦੀ ਭਲਾਈ ਹਿੱਤ ਸਾਲ ਵਿੱਚ 9ਵੀਂ ਵਾਰ ਦੁੱਧ ਦੀਆਂ ਖਰੀਦ ਕੀਮਤਾਂ ਵਧਾਈਆਂ : ਸੁਖਜਿੰਦਰ ਸਿੰਘ ਰੰਧਾਵਾ

ਪਹਿਲਕਦਮੀ ਦਾ ਉਦੇਸ਼ ਦੁੱਧ ਉਤਪਾਦਕਾਂ ਨੂੰ ਰਾਹਤ ਪਹੁੰਚਾਉਣਾ

ਚੰਡੀਗੜ੍ਹ – ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ (ਮਿਲਕਫੈੱਡ) ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਦੇ ਮੱਦੇਨਜ਼ਰ ਅੱਜ ਦੁੱਧ ਦੀਆਂ ਖ਼ਰੀਦ ਕੀਮਤਾਂ ਵਿੱਚ ਪ੍ਰਤੀ ਕਿਲੋ ਫੈਟ ਪਿੱਛੇ 10 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਹ ਕੀਮਤਾਂ 1 ਸਤੰਬਰ, 2019 ਤੋਂ ਲਾਗੂ ਹੋਣਗੀਆਂ। ਹਾਲ ਹੀ ਵਿੱਚ ਹੋਈ ਮੀਟਿੰਗ ਦੌਰਾਨ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਸ਼ੂ ਫੀਡ ਅਤੇ ਚਾਰੇ ਦੀਆਂ ਕੀਮਤਾਂ ਵਧਣ ਦੇ ਮੱਦੇਨਜ਼ਰ ਦੁੱਧ ਉਤਪਾਦਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ। ਵੱਧ ਤੋਂ ਵੱਧ ਕਿਸਾਨਾਂ ਨੂੰ ਮਿਲਕਫੈੱਡ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦੀ ਮਜ਼ਬੂਤੀ ਨਾਲ ਖੇਤੀਬਾੜੀ ਸੈਕਟਰ ਪ੍ਰਫੁੱਲਿਤ ਹੋਵੇਗਾ। ਮੰਤਰੀ ਨੇ ਕਿਹਾ ਕਿ ਇਹ ਸਾਲ ਵਿੱਚ 9ਵੀਂ ਵਾਰ ਹੋਇਆ ਹੈ ਜਦੋਂ ਮਿਲਕਫੈੱਡ ਵੱਲੋਂ ਕਿਸਾਨਾਂ ਦੀ ਭਲਾਈ ਹਿੱਤ ਦੁੱਧ ਦੀਆਂ ਖ਼ਰੀਦ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।ਇਸ ਮੌਕੇ ਮਿਲਕਫੈੱਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਵੇਰਕਾ ਵੱਲੋਂ ਦੁੱਧ ਉਤਪਾਦਕਾਂ ਨੂੰ ਦੁੱਧ ਦੀਆਂ ਢੁੱਕਵੀਆਂ ਅਤੇ ਸਹੀ ਕੀਮਤਾਂ ਮਿਲਣ ਦੇ ਨਾਲ ਨਾਲ ਮੁਨਾਫ਼ੇ ਦਾ ਵੱਡਾ ਹਿੱਸਾ ਦੁੱਧ ਉਤਪਾਦਕਾਂ ਨਾਲ ਸਾਂਝਾ ਕਰਨ ਨੂੰ ਯਕੀਨੀ ਬਣਾਉਣ ਸਬੰਧੀ ਕਈ ਕਾਰਗਰ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡੇਅਰੀ ਕਿਸਾਨਾਂ ਨੂੰ ਆਪਣੀ ਪੈਦਾਵਾਰ ਵਧਾਉਣ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਕਈ ਐਕਸਟੈਂਸ਼ਨ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਮਿਲਕਫੈੱਡ ਸੰਸਥਾ ਦੇ ਦੁੱਧ ਉਤਪਾਦਕ ਕਿਸਾਨਾਂ ਨਾਲ ਸਬੰਧ ਵਧਣ ਦੇ ਨਾਲ ਨਾਲ ਇਸਦੇ ਖ਼ਪਕਾਰਾਂ ਨੂੰ ਉੱਚ ਗੁਣਵੱਤਾ ਵਾਲਾ ਦੁੱਧ ਮੁਹੱਈਆ ਕਰਵਾਉਂਦਿਆਂ ਉਨ੍ਹਾਂ ਨੂੰ ਚੰਗੀ ਸਿਹਤ ਦੇਣ ਸਬੰਧੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਬੜ੍ਹਾਵਾ ਮਿਲਦਾ ਹੈ, ਜੋ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ਟੀਚਾ ਹੈ।