ਸ਼ਾਹਕੋਟ ਅਤੇ ਫਿਲੌਰ ਦੇ 82 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ੇਸ਼ ਗਿਰਦਾਵਰੀ ਸ਼ੁਰੂ
ਚਡੀਗੜ੍ਹ – ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟਣ ਦੇ ਨਾਲ ਹੀ ਇਨ੍ਹਾਂ ਪਿੰਡਾਂ ਵਿੱਚ ਹੜਾਂ ਦੇ ਪਾਣੀ ਨਾਲ ਹੋਏ ਨੁਕਸਾਨ ਦੀ ਕਿਸਾਨਾਂ ਨੂੰ ਭਰਪਾਈ ਲਈ ਵਿਸ਼ੇਸ਼ ਗਿਰਦਾਰਵਰੀ ਸ਼ੁੂਰੂ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।ਫਿਲੌਰ ਸਬ ਡਵੀਜਨ ਵਿੱਚ ਮਾਲ ਅਧਿਕਾਰੀਆਂ ਦੀ ਟੀਮਾਂ ਨੇ ਪਹਿਲਾਂ ਹੀ ਵਿਸ਼ੇਸ਼ ਸਰਵੇਖਣ ਸ਼ੁਰੂ ਕਰ ਦਿੱਤਾ ਸੀ, ਪਰ ਜਿਵੇ ਹੀ ਸ਼ਾਹਕੋਟ ਸਬ ਡਵੀਜਨ ਵਿੱਚ ਵੀ ਪਾਣੀ ਘਟਿਆ ਉਪਮੰਡਲ ਮੈਜਿਸਟਰੇਟ ਦੀ ਅਗਵਾਈ ਵਿੱਚ ਮਾਲ ਅਫ਼ਸਰਾਂ ਨੇ ਅੱਜ ਪਿੰਡ ਕੰਗ ਖੁਰਦ, ਕੋਠਾ, ਮਹਿਰਾਜਵਾਲਾ, ਯੂਸਫ਼ਪੁਰ ਦਾਰੇਵਾਲ, ਮੁੰਡੀ ਚੋਹਲੀਆਂ,ਗੱਟਾ ਮੰਡੀ ਕਾਸੂ, ਯੂਸਫਪੁਰ ਏਲੇਵਾਲ ਅਤੇ ਹੋਰ ਪਿੰਡਾਂ ਵਿਚ ਵਿਸ਼ੇਸ਼ ਸਰਵੇਖਣ ਸ਼ੁਰੂ ਕੀਤਾ ਗਿਆ ਗਿਆ ਹੈ। ਇਸੇ ਤਰ੍ਹਾ ਫਿਲੌਰ ਸਬ ਡਵੀਜ਼ਨ ਵਿੱਚ ਸੈਲਕਿਆਨਾ, ਚੌਲਾ ਬਾਜੜ੍ਹ, ਮਾਓ, ਮਿਓਂਵਾਲ ਲਸਾੜਾ, ਤਲਵਨ, ਬੁਰਜ ਹਸਨ, ਬੁਰਜ ਕੇਲਾ, ਸਧਾਰਾ,ਕਡੀਆਣਾ, ਪਵਾਰੀ ਅਤੇ ਹੋਰ ਪਿੰਡਾਂ ਸਰਵੇਖਣ ਕੀਤਾ ਜਾ ਰਿਹਾ ਹੈ।ਮੁੱਢਲੀ ਰਿਪੋਰਟ ਅਨੁਸਾਰ ਜਲੰਧਰ ਜਿਲ੍ਹੇ ਵਿੱਚ ਹੜ੍ਹਾਂ ਕਾਰਨ 82 ਪਿੰਡਾਂ ਵਿੱਚ ਫਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 52 ਪਿੰਡ ਸ਼ਾਹਕੋਟ ਸਬ ਡਵੀਜ਼ਨ ਅਤੇ 30 ਪਿੰਡ ਫਿਲੌਰ ਸਬ ਡਵੀਜ਼ਨ ਦੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀਆਂ ਨੂੰ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਜਲਦ ਤੋਂ ਜਲਦ ਸੌਂਪਣ ਲਈ ਕਿਹਾ ਗਿਆ ਹੈ ਤਾਂ ਜੋ ਜਿੰਨੀ ਛੇਤੀ ਹੋ ਸਕੇ ਕਿਸਾਨਾਂ ਨੰੂ ਰਾਹਤ ਦਿੱਤੀ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੇ ਹੋਏ ਨੁਕਸਾਨ ਦਾ ਪਤਾ ਲਗਾਵੇ ਅਤੇ ਉਨ੍ਹਾਂ ਨੰੂ ਸਮੇਂ ਸਿਰ ਮੁਆਵਜ਼ਾ ਮੁਹੱਈਆ ਕਰਵਾਉਣਾ ਯਕੀਨੀ ਬਣਾਵੇ।ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹੜ੍ਹਾਂ ਵਿੱਚ ਹੋਏ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।