ਯੂ. ਐੱਸ. ਓਪਨ ਤੋਂ ਹਟੇ ਨੋਵਾਕ ਜੋਕੋਵਿਚ
ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਰਿਟਾਇਰ ਹਰਟ ਹੋ ਕੇ ਯੂ. ਐੱਸ. ਓਪਨ 2019 ਤੋਂ ਬਾਹਰ ਹੋ ਗਏ। ਸਰਬੀਆ ਦੇ ਇਸ ਖਿਡਾਰੀ ਦੇ ਇਕਦਮ ਬਾਹਰ ਹੋਣ ਨਾਲ ਸਵਿਟਜ਼ਰਲੈਂਡ ਦੇ ਸਟੇਨ ਵਾਵਰਿੰਕਾ ਕੁਆਰਟਰ ਫਾਈਨਲ ’ਚ ਪਹੁੰਚ ਗਏ। 23ਵੇਂ ਨੰਬਰ ਦੇ ਖਿਡਾਰੀ ਵਾਵਰਿੰਕਾ ਕੁਆਰਟਰ ਫਾਈਨਲ ’ਚ ਰੂਸ ਦੇ ਦਾਨਿਲ ਮੇਦਵੇਦੇਵ ਦਾ ਸਾਹਮਣਾ ਕਰਨਗੇ।ਐਤਵਾਰ ਨੂੰ ਰਾਊਂਡ ਆਫ 16 ’ਚ ਖੇਡੇ ਗਏ ਇਸ ਮੁਕਾਬਲੇ ਦੇ ਚੌਥੇ ਦੌਰ ਦੇ ਮੈਚ ਵਿਚਾਲੇ ਨੋਵਾਕ ਨੇ ਰਿਟਾਇਰਟਹਰਟ ਹੋਣ ਦਾ ਐਲਾਨ ਕਰ ਦਿੱਤਾ। ਦਰਅਸਲ ਮੈਚ ਦੇ ਦੌਰਾਨ ਜੋਕੋਵਿਚ ਸੱਟ ਦਾ ਸ਼ਿਕਾਰ ਹੋ ਗਏ ਸਨ, ਉਸ ਦੇ ਮੋਢੇ ’ਚ ਸੱਟ ਲਗ ਗਈ ਸੀ। ਇਸ ਦੇ ਬਾਅਦ ਕੋਰਟ ’ਤੇ ਫੀਜ਼ੀਓ ਨੂੰ ਬੁਲਾਇਆ ਗਿਆ, ਜਿਸ ’ਚ ਜੋਕੋਵਿਚ ਦੀ ਸੱਟ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਅੱਗੇ ਨਹੀਂ ਖੇਡ ਸਕਣਗੇ। ਜੋਕੋਵਿਚ ਜਦੋਂ ਸੱਟ ਦਾ ਸ਼ਿਕਾਰ ਹੋਏ ਉਦੋਂ ਮੈਚ ਦੇ ਦੋ ਸੈਟ ਖੇਡੇ ਜਾ ਚੁੱਕੇ ਸਨ ਅਤੇ ਤੀਜਾ ਸੈਟ ਖੇਡਿਆ ਜਾ ਰਿਹਾ ਸੀ।