January 22, 2025
#ਦੇਸ਼ ਦੁਨੀਆਂ

ਜਾਧਵ ਨੂੰ ਅੱਜ ਮਿਲੇਗਾ ਕੌਂਸੁਲਰ ਐਕਸੈੱਸ, ਮਿਲਣ ਪਹੁੰਚੇ ਭਾਰਤੀ ਡਿਪਟੀ ਹਾਈ ਕਮਿਸ਼ਨਰ

ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਲਈ ਅੱਜ ਵੱਡਾ ਦਿਨ ਹੈ। ਵੀਆਨਾ ਸੰਧੀ ਅਤੇ ਅੰਤਰਰਾਸ਼ਟਰੀ ਕੋਰਟ ਦੇ ਆਦੇਸ਼ ਦਾ ਪਾਲਣ ਕਰਦਿਆਂ ਅੱਜ ਪਾਕਿਸਤਾਨ ਜਾਧਵ ਨੂੰ ਕੌਂਸੁਲਰ ਐਕਸੈੱਸ ਦੇਵੇਗਾ। ਭਾਰਤ ਨੇ ਵੀ ਜਾਧਵ ਨੂੰ ਦਿੱਤੇ ਜਾਣੇ ਵਾਲੇ ਕੌਂਸੁਲਰ ਐਕਸੈੱਸ ਲਈ ਪਾਕਿਸਤਾਨ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਦੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਕਿਸਤਾਨ ਵਿਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਕਰਨਗੇ। ਸੋਮਵਾਰ ਦੁਪਹਿਰ 12 ਵਜੇ ਕੁਲਭੂਸ਼ਣ ਜਾਧਵ ਨੂੰ ਸਿਰਫ 2 ਘੰਟੇ ਲਈ ਇਹ ਐਕਸੈੱਸ ਮਿਲੇਗਾ। ਇਹ ਮੀਟਿੰਗ ਇਸਲਾਮਾਬਾਦ ਵਿਚ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਿਚ ਹੋਵੇਗੀ। ਗੌਰਵ ਆਹਲੂਵਾਲੀਆ ਵਿਦੇਸ਼ ਮੰਤਰਾਲੇ ਪਹੁੰਚ ਗਏ ਹਨ। ਕੁਲਭੂਸ਼ਣ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨਾਲ ਮੁਲਾਕਾਤ ਕੀਤੀ।ਜ਼ਿਕਰਯੋਗ ਹੈ ਕਿ ਜਾਧਵ ਨੂੰ 2017 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਭਾਰਤ ਨੇ ਇਸ ਵਿਰੁੱਧ ਅੰਤਰਰਾਸ਼ਟਰੀ ਕੋਰਟ ਵਿਚ ਅਪੀਲ ਕੀਤੀ ਸੀ। ਭਾਰਤ ਉੱਥੇ ਕੇਸ ਜਿੱਤ ਗਿਆ ਸੀ। ਹੁਣ ਲੰਬੀ ਲੜਾਈ ਦੇ ਬਾਅਦ ਪਾਕਿਸਤਾਨ ਕੁਲਭੂਸ਼ਣ ਜਾਧਵ ਨੂੰ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੌਂਸੁਲਰ ਐਕਸੈੱਸ ਦੇ ਰਿਹਾ ਹੈ।