January 18, 2025
#ਖੇਡਾਂ

ਵਿਰਾਟ ਦਾ ਰਿਣੀ ਰਹੇਗਾ ਬੁਮਰਾਹ: ਹਰਭਜਨ

ਨਵੀਂ ਦਿੱਲੀ – ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਕਪਤਾਨ ਵਿਰਾਟ ਕੋਹਲੀ ਦਾ ਹਮੇਸ਼ਾ ਰਿਣੀ ਰਹੇਗਾ, ਜਿਵੇਂ ਉਹ 18 ਸਾਲ ਪਹਿਲਾਂ ਹੈਰਾਨੀਜਨਕ ਕੈਚ ਲਈ ਸਦਗੋਪਨ ਰਮੇਸ਼ ਦਾ ਸ਼ੁਕਰਗੁਜ਼ਾਰ ਹੈ, ਜਿਸ ਦੀ ਬਦੌਲਤ ਉਸ ਨੂੰ ਹੈਟ੍ਰਿਕ ਮਿਲੀ। ਟੈਸਟ ਕ੍ਰਿਕਟ ਵਿੱਚ ਭਾਰਤ ਲਈ ਪਹਿਲੀ ਹੈਟ੍ਰਿਕ ਬਣਾਉਣ ਵਾਲੇ ਹਰਭਜਨ ਨੇ ਬੁਮਰਾਹ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ, ਜੋ ਇਹ ਉਪਲਬਧੀ ਹਾਸਲ ਕਰਨ ਵਾਲਾ ਤੀਜਾ ਗੇਂਦਬਾਜ਼ ਬਣਿਆ। ਸਾਲ 2001 ਵਿੱਚ ਹਰਭਜਨ ਨੇ ਮਜ਼ਬੂਤ ਆਸਟਰੇਲੀਆ (ਰਿਕੀ ਪੋਂਟਿੰਗ, ਐਡਮ ਗਿਲਕ੍ਰਿਸਟ ਅਤੇ ਸ਼ੇਨ ਵਾਰਨ) ਖ਼ਿਲਾਫ਼ ਹੈਟ੍ਰਿਕ ਮਾਰੀ ਸੀ। ਬੁਰਮਾਹ ਨੇ ਸ਼ਨਿੱਚਰਵਾਰ ਰਾਤ ਨੂੰ ਤਿੰਨ ਗੇਂਦਾਂ ਵਿੱਚ ਵੈਸਟ ਇੰਡੀਜ਼ ਦੇ ਡਰੇਨ ਬਰਾਵੋ, ਸਮਾਰਾ ਬਰੂਕਸ ਅਤੇ ਰੋਸਟਨ ਚੇਜ਼ ਦੀਆਂ ਵਿਕਟਾਂ ਲਈਆਂ। ਹਰਭਜਨ ਨੇ ਅੱਜ ਇੱਥੇ ਕਿਹਾ, ‘‘ਇਸ ਹੈਟ੍ਰਿਕ ਦਾ ਸਿਹਰਾ ਬੁਮਰਾਹ ਦੇ ਨਾਲ ਵਿਰਾਟ ਨੂੰ ਵੀ ਜਾਂਦਾ ਹੈ। ਗੇਂਦਬਾਜ਼ ਨੂੰ ਪਤਾ ਨਹੀਂ ਸੀ ਕਿ ਬੱਲੇਬਾਜ਼ ਆਊਟ ਹੈ, ਪਰ ਕਪਤਾਨ ਨੂੰ ਅੰਦਰੋਂ ਲੱਗ ਰਿਹਾ ਸੀ ਕਿ ਉਹ ਆਊਟ ਹੈ। ਜੇਕਰ ਵਿਰਾਟ ਡੀਆਰਐੱਸ ਨਾ ਲੈਂਦਾ ਤਾਂ ਕੀ ਹੁੰਦਾ? ਕਪਤਾਨ ਦਾ ਇਹ ਫ਼ੈਸਲਾ ਬਿਹਤਰੀਨ ਸੀ, ਜਿਸ ਕਾਰਨ ਉਹ ਸ਼ਾਨਦਾਰ ਯਤਨ ਕਰ ਸਕਿਆ।’’ ਕੌਮਾਂਤਰੀ ਪੱਧਰ ’ਤੇ 711 ਵਿਕਟਾਂ ਲੈਣ ਵਾਲੇ ਹਰਭਜਨ ਨੂੰ ਹੁਣ ਵੀ ਲਗਦਾ ਹੈ ਕਿ ਰਮੇਸ਼ ਦੇ ਸ਼ਾਨਦਾਰ ਯਤਨ ਤੋਂ ਬਿਨਾਂ ਉਹ ਆਪਣੀ ਹੈਟ੍ਰਿਕ ਦਾ ਇਤਿਹਾਸ ਨਹੀਂ ਸਿਰਜ ਸਕਦਾ ਸੀ।