January 18, 2025
#ਪੰਜਾਬ

ਬਾਦਲ ਪਰਿਵਾਰ-ਸਦਾਬਹਾਰ ਸਰਕਾਰ

ਜਲੰਧਰ – ਪੰਜਾਬ ਵਿੱਚ ਲਗਾਤਾਰ 10 ਸਾਲ ਰਾਜ ਕਰਨ ਤੋਂ ਬਾਅਦ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਹੱਥੋਂ ਹਾਰ ਗਿਆ ਸੀ, ਪਰ ਇਸ ਦੇ ਬਾਵਜੂਦ ਸੂਬੇ ਵਿੱਚ ਅਕਾਲੀ ਦਲ ਦਾ ਦਬਦਬਾ ਪਹਿਲਾਂ ਦੀ ਤਰ੍ਹਾਂ ਹੀ ਕਾਇਮ ਹੈ। ਦਿਲਚਸਪ ਗੱਲ ਇਹ ਹੈ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਰੁਤਬਾ ਨਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਸੂਬੇ ਵਿੱਚ ਪ੍ਰਮੁੱਖ ਵਿਰੋਧੀ ਧਿਰ ਬਣਿਆ ਹੋਇਆ ਹੈ। ਕੇਂਦਰ ਸਰਕਾਰ ਵਿੱਚ ਹਿੱਸੇਦਾਰੀ ਹੋਣ ਕਾਰਨ ਅਕਾਲੀ ਦਲ ਸੂਬੇ ਦੇ ਹਿੱਤਾਂ ਦੀ ਹੁਕਮਰਾਨ ਕਾਂਗਰਸ ਤੋਂ ਬਿਹਤਰ ਦੇਖ ਭਾਲ ਕਰ ਰਿਹਾ ਹੈ। ਪੰਜਾਬ ਵਿੱਚ ਸਰਕਾਰ ਨਾ ਹੋਣ ਦੇ ਬਾਵਜੂਦ ‘ਬਾਦਲ ਪਰਿਵਾਰ-ਸਦਾਬਹਾਰ ਸਰਕਾਰ’ ਬਣਿਆ ਹੋਇਆ ਹੈ। ਬਾਦਲ ਪਰਿਵਾਰ ਵੱਲੋਂ ਸੂਬਾ ਸਰਕਾਰ ਦੇ ਬਰਾਬਰ ਹੀ ਕੰਮ ਕੀਤਾ ਜਾ ਰਿਹਾ ਹੈ। ਵੱਡੀ ਉਮਰ ਹੋਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਹੁਣ ਵੀ ਹਰ ਰੋਜ਼ ਵੱਡੀ ਗਿਣਤੀ ’ਚ ਆਮ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਹਨ। ਜਿੰਨੇ ਲੋਕ ਹਰ ਰੋਜ਼ ਸ. ਬਾਦਲ ਨੂੰ ਮਿਲਦੇ ਹਨ ਓਨੇ ਸ਼ਾਇਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੇ ਮਹੀਨੇ ਵਿੱਚ ਮਿਲਦੇ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੋ ਕਿ ਇਸ ਸਮੇਂ ਪਾਰਲੀਮੈਂਟ ਮੈਂਬਰ ਹਨ, ਸੂਬੇ ਦੇ ਸਭ ਤੋਂ ਵਧ ਸਰਗਰਮ ਅਤੇ ਕਾਰਜਸ਼ੀਲ ਸਿਆਸੀ ਆਗੂ ਹਨ। ਉਨ੍ਹਾਂ ਦੀ ਸਰਗਰਮੀ ਦਿਨ ਰਾਤ ਜਾਰੀ ਰਹਿੰਦੀ ਹੈ। ਇਸ ਦੌਰਾਨ ਉਹ ਪਾਰਲੀਮੈਂਟ ਵਿੱਚ ਵੀ ਆਪਣੀ ਹਾਜ਼ਰੀ ਲਗਵਾਉਂਦੇ ਰਹੇ ਹਨ। ਕੇਂਦਰੀ ਮੰਤਰੀ ਵਜੋਂ ਬੀਬਾ ਹਰਸਿਮਰਤ ਕੌਰ ਬਾਦਲ ਪ੍ਰਸ਼ਾਸਨਿਕ ਅਤੇ ਸਿਆਸੀ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦਾ ਲੋਕ ਸੰਪਰਕ ਪ੍ਰੋਗਰਾਮ ਵੀ ਲਗਾਤਾਰ ਚੱਲਦਾ ਰਹਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਅਤੇ ਬਾਦਲ ਪਰਿਵਾਰ ਦੇ ਨਿਵਾਸਾਂ ਉੱਪਰ ਬਣਾਏ ਗਏ ਉੱਪ ਦਫ਼ਤਰ ਵੀ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਕੰਮ ਕਾਜ ਲਈ ਚੰਡੀਗੜ੍ਹ ਜਾਣ ਦੀ ਥਾਂ ਹੁਣ ਵੀ ਪਿੰਡ ਬਾਦਲ ਜਾਂ ਦਿੱਲੀ ਵਿਖੇ ਬੀਬਾ ਬਾਦਲ ਦੀ ਕੋਠੀ ਦਾ ਰੁਖ ਕਰਦੇ ਹਨ। ਪੰਜਾਬ ਦੀ ਅਫਸਰਸ਼ਾਹੀ ਵਿੱਚ ਵੀ ਬਾਦਲ ਪਰਿਵਾਰ ਦਾ ਪ੍ਰਭਾਵ ਪਹਿਲਾਂ ਦੀ ਤਰ੍ਹਾਂ ਕਾਇਮ ਹੈ। ਕੰਮ-ਕਾਜ ਲਈ ਬਾਦਲ ਪਰਿਵਾਰ ਦੇ ਘਰ ਗਏ ਲੋਕ ਨਿਰਾਸ਼ ਨਹੀਂ ਮੁੜਦੇ। ਪਰਿਵਾਰ ਵੱਲੋਂ ਹਰ ਸਵਾਲੀ ਜਾਂ ਲੋੜਵੰਦ ਦੀ ਪੂਰੀ ਮਦਦ ਕੀਤੀ ਜਾਂਦੀ ਹੈ। ਲੋਕਾਂ ਦੇ ਕੰਮ-ਕਾਜ ਅਤੇ ਸ਼ਿਕਾਇਤਾਂ ਦੇ ਨਿਵਾਰਨ ਲਈ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨਿੱਜੀ ਤੌਰ ’ਤੇ ਸਬੰਧਿਤ ਅਧਿਕਾਰੀਆਂ ਨੂੰ ਫੋਨ ਕਰਦੇ ਹਨ। ਉਨ੍ਹਾਂ ਦਾ ਦਫ਼ਤਰੀ ਸਟਾਫ਼ ਤੇ ਅਧਿਕਾਰੀ ਵੀ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਹਰ ਰੋਜ਼ ਦਰਜਨਾਂ ਦਫ਼ਤਰੀ ਚਿੱਠੀਆਂ ਅਤੇ ਸਰਕਾਰ ਦੀ ਤਰ੍ਹਾਂ ਹੀ ਪ੍ਰੈੱਸ ਰਿਲੀਜ਼ ਜਾਰੀ ਕੀਤੇ ਜਾਂਦੇ ਹਨ। 2017 ਤੋਂ ਬਾਅਦ ਹੋਈਆਂ ਵੱਖ-ਵੱਖ ਚੋਣਾਂ ਦੇ ਨਤੀਜੇ ਕੁਝ ਵੀ ਰਹੇ ਹੋਣ ਪ੍ਰੰਤੂ ਬਾਦਲ ਪਰਿਵਾਰ ਦੀ ਹਰਮਨਪਿਆਰਤਾ ਵਿੱਚ ਕੋਈ ਕਮੀ ਨਹੀਂ ਆਈ। ਕਾਂਗਰਸ ਦੇ ਦੁਰਪ੍ਰਚਾਰ ਦੇ ਬਾਵਜੂਦ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਬਾਦਲ ਬਠਿੰਡਾ ਅਤੇ ਫਿਰੋਜ਼ਪੁਰ ਪਾਰਲੀਮੈਂਟ ਹਲਕੇ ਤੋਂ ਵੱਡੇ ਫਰਕ ਨਾਲ ਜੇਤੂ ਰਹੇ। ਕਾਂਗਰਸ ਨੂੰ ਸਿਆਸੀ ਖੇਤਰ ਵਿੱਚ ਟੱਕਰ ਦੇਣ ਵਿੱਚ ਵੀ ਬਾਦਲ ਪਰਿਵਾਰ ਇਕੱਲਾ ਹੀ ਭਾਰੀ ਪੈ ਰਿਹਾ ਹੈ। ਸ. ਸੁਖਬੀਰ ਸਿੰਘ ਬਾਦਲ ਦੇ ਸਿਆਸੀ ਬਿਆਨ ਬਹੁਤ ਹੀ ਤੇਜ਼ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ। ਇਹ ਬਾਦਲ ਪਰਿਵਾਰ ਦੇ ਪ੍ਰਭਾਵ ਅਤੇ ਸਿਆਸੀ ਸਮਰਥਾ ਦਾ ਹੀ ਸਿੱਟਾ ਹੈ ਕਿ ਪੰਜਾਬ ਸਰਕਾਰ ਧਮਕੀਆਂ ਅਤੇ ਪ੍ਰਚਾਰ ਦੇ ਬਾਵਜੂਦ ਬਰਗਾੜੀ ਕੇਸ ਵਿੱਚ ਉਨ੍ਹਾਂ ਦੀਆਂ ਗਿ੍ਰਫਤਾਰੀਆਂ ਕਰਨ ਦੀ ਹਿੰਮਤ ਨਹੀਂ ਕਰ ਸਕੀ। ਉਲਟਾ ਸਰਕਾਰ ਨੂੰ ਇਸ ਕੇਸ ਦੇ ਸਬੰਧ ਵਿੱਚ ਲਗਾਤਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਸਰਕਾਰ ਦੀ ਔਸਤ ਦਰਜੇ ਦੀ ਕਾਰਗੁਜ਼ਾਰੀ ਕਾਰਨ ਲੋਕ ਹੁਣ ਮੁੜ ਅਕਾਲੀ ਦਲ ਵੱਲ ਪਰਤ ਰਹੇ ਮਹਿਸੂਸ ਹੋ ਰਹੇ ਹਨ। ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹਰ ਹਫਤੇ ਕਿਸੇ ਵੱਡੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਜਾਂਦਾ ਸੀ। ਪੰਜਾਬ ਦੀਆਂ ਸਾਰੀਆਂ ਚਹੁ ਮਾਰਗੀ ਸੜਕਾਂ ਅਤੇ ਪੁਲ ਅਕਾਲੀ ਦਲ ਦੀ ਹੀ ਦੇਣ ਹਨ। ਬਿਜਲੀ ਦੇ ਖੇਤਰ ਵਿੱਚ ਆਤਮਨਿਰਭਰਤਾ ਵੀ ਅਕਾਲੀ ਦਲ ਦੀ ਸਰਕਾਰ ਦੌਰਾਨ ਆਈ। ਯੋਜਨਾਬੰਦੀ ਅਤੇ ਵਿਕਾਸ ਦੇ ਖੇਤਰ ਵਿੱਚ ਸ. ਸੁਖਬੀਰ ਸਿੰਘ ਬਾਦਲ ਦਾ ਨਜ਼ਰੀਆ ਕਮਾਲ ਦਾ ਹੈ। ਉਨ੍ਹਾਂ ਵੱਲੋਂ ਅਰੰਭ ਕੀਤੇ ਗਏ ਪ੍ਰਾਜੈਕਟਾਂ ਅਤੇ ਪ੍ਰੋਗਰਾਮਾਂ ਦਾ ਅੱਜ ਵੀ ਸੂਬੇ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਦਫ਼ਤਰਾਂ ਦੇ ਕੰਮਕਾਜ ਦੇ ਸੁਧਾਰ ਲਈ ਉਨ੍ਹਾਂ ਵੱਲੋਂ ਕੀਤੇ ਗਏ ਬੇਮਿਸਾਲ ਯਤਨ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਸੁਖ ਦੇ ਰਹੇ ਹਨ। ਪੰਜਾਬ ਦੀ ਮੌਜੂਦਾ ਸਰਕਾਰ ਹਾਲੇ ਤੱਕ ਇਸ ਦਿਸ਼ਾ ਵਿੱਚ ਕੋਈ ਵੱਡਾ ਕਾਰਜ ਨਹੀਂ ਕਰ ਸਕੀ।