ਡਾ. ਮਨਮੋਹਨ ਸਿੰਘ ਵੱਲੋਂ ਮੋਦੀ ਸਰਕਾਰ ’ਤੇ ਦੇਸ਼ ਨੂੰ ਆਰਥਿਕ ਸੰਕਟ ’ਚ ਫਸਾਉਣ ਦਾ ਦੋਸ਼
ਨੋਟਬੰਦੀ ਅਤੇ ਜੀ.ਐਸ.ਟੀ. ਕਾਹਲੀ ’ਚ ਲਏ ਬੇਲੋੜੇ ਫੈਸਲੇ ਕਰਾਰ
ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਡੂੰਘੇ ਆਰਥਿਕ ਸੰਕਟ ਵਿੱਚ ਫਸਾ ਦਿੱਤਾ ਹੈ। ਉਨ੍ਹਾਂ ਨੇ ਨੋਟਬੰਦੀ ਅਤੇ ਜੀ.ਐਸ.ਟੀ. ਨੂੰ ਕਾਹਲੀ ਵਿੱਚ ਲਏ ਗਏ ਬੇਲੋੜੇ ਫੈਸਲੇ ਕਰਾਰ ਦਿੱਤਾ ਹੈ। ਡਾ. ਮਨਮੋਹਨ ਸਿੰਘ ਨੇ ਐਤਵਾਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਦਲੇ ਦੀ ਰਾਜਨੀਤੀ ਛੱਡੇ ਅਤੇ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਲਈ ਸਹੀ ਸੋਚ ਸਮਝ ਵਾਲੇ ਲੋਕਾਂ ਨਾਲ ਸੰਪਰਕ ਕਰੇ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਰਥਿਕ ਮੰਦਹਾਲੀ ਮੋਦੀ ਸਰਕਾਰ ਦੇ ਹਰ ਪਾਸੇ ਮਾੜੇ ਪ੍ਰਬੰਧ ਕਾਰਨ ਆਈ ਹੈ। ਉਨ੍ਹਾਂ ਮੁਤਾਬਿਕ ਇਸ ਵੇਲੇ ਅਰਥਵਿਵਸਥਾ ਦੀ ਹਾਲਤ ਬਹੁਤ ਚਿੰਤਾਜਨਕ ਹੈ। ਪਿਛਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦਨ ‘ਚ ਵਾਧਾ ਸਿਰਫ਼ ਪੰਜ ਫ਼ੀਸਦੀ ਤੱਕ ਸੀਮਤ ਰਹਿਣਾ ਮੰਦਹਾਲੀ ਦੇ ਲੰਮੇ ਸਮੇਂ ਤੱਕ ਬਣੇ ਰਹਿਣ ਦਾ ਸੰਕੇਤ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਤਾਂ ਤੇਜ਼ੀ ਨਾਲ ਵਾਧੇ ਦੀਆਂ ਸੰਭਾਵਨਾਵਾਂ ਹਨ ਪਰ ਮੋਦੀ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਇਹ ਮੰਦਹਾਲੀ ਵਾਲੀ ਹਾਲਤ ਪੈਦਾ ਹੋ ਗਈ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਨੌਜਵਾਨ, ਕਿਸਾਨ, ਖੇਤਮਜ਼ਦੂਰ, ਉੱਦਮੀ ਤੇ ਵਾਂਝੇ ਤਬਕੇ ਨੂੰ ਬਿਹਤਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।