ਅਰੁਨਾ ਚੌਧਰੀ ਵੱਲੋਂ ਪੌਦੇ ਲਾਉਣ ਤੇ ਸੰਭਾਲਣ ਦੀ ਮੁਹਿੰਮ ’ਚ ਮਹਿਲਾਵਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ
ਚੰਡੀਗੜ੍ਹ – ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮੁਹਈਆ ਕਰਵਾਉਣ ਦੀ ਆਪਣੀ ਸਰਕਾਰ ਦੀ ਬਚਨਵੱਧਤਾ ਨੂੰ ਦਹਾਰਾਉਦੇ ਹੋਏ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਔਰਤਾਂ ਨੂੰ ਸੂਬੇ ਵਿੱਚ ਪੌਦੇ ਲਾਉਣ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਲਈ ਸਰਕਾਰ ਦੀ ਮੁਹਿੰਮ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ ਵਿੱਚ 550 ਪੌਦੇ ਲਾਉਣ ਦੀ ਮੁਹਿੰਮ ਆਰੰਭੀ ਹੋਈ ਹੈ ਅਤੇ ਸਮੁੱਚੇ ਸੂਬੇ ਵਿੱਚ 72 ਲੱਖ ਪੌਦੇ ਲਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ। ਸ੍ਰੀਮਤੀ ਚੌਧਰੀ ਨੇ ਕਿ ਹਰੇਕ ਔਰਤ ਨੂੰ ਆਪਣੇ ਘਰਾਂ ਦੇ ਵੇਹੜਿਆਂ ਅਤੇ ਆਲੇ-ਦੁਆਲੇ ਟਾਹਲੀ, ਅੰਬ, ਅਸ਼ੋਕਾ, ਜਾਮੁਨ, ਇਮਲੀ ਆਦਿ ਵਰਗੇ ਪੌਦੇ ਲਾਉਣ ਲਈ ਕਿਹਾ ਹੈ ਜੋ ਛਾਂ ਅਤੇ ਫਲ ਵੀ ਮੁਹਈਆ ਕਰਵਾਉਣ ਦੇ ਨਾਲ ਨਾਲ ਹਰਿਆ-ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਵੀ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸਤਿਕਾਰ ਅਤੇ ਸ਼ਰਧਾ ਹੋਵੇਗਾ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਵਾਤਾਵਰਣ ਦੀ ਮਹੱਤਤਾ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਾਂਤ ਭਾਂਤ ਦੇ ਪੌਦੇ ਆਮ ਲੋਕਾਂ ਨੂੰ ਸਰਕਾਰੀ ਨਰਸਰੀਆਂ ਰਾਹੀਂ ਮੁਫ਼ਤ ਮੁਹਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਦੀ ਬੁਕਿੰਗ ਆਈ ਹਰਿਆਲੀ ਐਪ ’ਤੇ ਵੀ ਕੀਤੀ ਜਾ ਸਕਦੀ ਹੈ ਜਿਸ ’ਤੇ ਹਰੇਕ ਵਿਅਕਤੀ ਨੂੰ ਉਸ ਦੀ ਪਸੰਦ ਦੇ 25 ਬੂਟੇ ਮੁਫ਼ਤ ਮੁਹਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੌਦੇ ਲਾਉਣ ਦੇ ਨਾਲ ਨਾਲ ਇਨ੍ਹਾਂ ਦੇ ਸੰਭਾਲ ਵੀ ਬਹੁਤ ਜ਼ਰੂਰੀ ਹੈ ਅਤੇ ਇਹ ਦੋਵੇਂ ਕੰਮ ਮਹਿਲਾਵਾਂ ਸੁਚੱਜੇ ਢੰਗ ਨਾਲ ਕਰ ਸਕਦੀਆਂ ਹਨ।ਗੌਰਤਲਬ ਹੈ ਕਿ ਪਿਛਲੇ ਹਫ਼ਤੇ ਤੱਕ ਸੂਬੇ ਭਰ ਵਿੱਚ 56 ਲੱਖ ਦੇ ਕਰੀਬ ਪੌਦੇ ਲਾਏ ਜਾ ਚੁੱਕੇ ਹਨ ਅਤੇ ਹੁਣ ਤੱਕ ਤਕਰੀਬਨ 13000 ਪਿੰਡਾਂ ਵਿੱਚੋਂ ਲਗਪਗ 9000 ਪਿੰਡਾਂ ਵਿੱਚ ਬੂਟੇ ਲਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਬਾਕੀਆਂ ਵਿੱਚ ਪੌਦੇ ਲਾਉਣ ਦਾ ਕੰਮ ਪ੍ਰਕਿਰਿਆ ਅਧੀਨ ਹੈ। ਸੂਬਾ ਸਰਕਾਰ ਵੱਲੋਂ ਪੌਦੇ ਲਾਉਣ ਦਾ ਕੰਮ ਮਗਨਰੇਗਾ ਅਤੇ ਪੰਚਾਇਤਾਂ ਦੇ ਰਾਹੀਂ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਸਾਂਭ-ਸਭਾਂਲ ਵਿੱਚ ਮਹਿਲਾਵਾਂ ਵਿਸ਼ੇਸ਼ ਭੂਮਿਕਾ ਨਿਭਾਅ ਸਕਦੀਆਂ ਹਨ।