ਜਾਨੀਆ ਚਾਹਲ ਵਿਖੇ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ
80 ਪਿੰਡਾਂ ਦੇ 2200 ਮਨਰੇਗਾ ਕਾਮਿਆਂ ਨੇ ਪਾਇਆ ਯੋਗਦਾਨ
ਚੰਡੀਗੜ੍ਹ – ਹੜ੍ਹਾਂ ਦੀ ਕ੍ਰੋਪੀ ਦਾ ਸਾਹਮਣਾ ਕਰਦਿਆਂ ਪਿੰਡ ਜਾਨੀਆ ਚਾਹਲ ਵਿਖੇ ਸਤਲੁਜ ਦਰਿਆ ਵਿਚ ਪਏ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਸੋਮਵਾਰ ਸਵੇਰੇ ਮੁਕੰਮਲ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਗਈ। ਭਾਰਤੀ ਫੌਜ ਦੇ ਇੰਜੀਨੀਅਰਾਂ ਦੀ ਰਹਿਨੁਮਾਈ ਹੇਠ ਡਰੇਨੇਜ ਵਿਭਾਗ ਦੇ ਠੋਸ ਯਤਨਾਂ ਸਦਕਾ ਇਹ ਕੰਮ ਸੰਭਵ ਹੋ ਸਕਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 80 ਪਿੰਡਾਂ ਦੇ 2200 ਮਨਰੇਗਾ ਕਾਮਿਆਂ, ਹੁਨਰਮੰਦ ਕਰਮਚਾਰੀਆਂ, ਪੰਚਾਇਤਾਂ, ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਵਲੰਟੀਅਰਾਂ ਅਤੇ ਹੋਰਨਾਂ ਨੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ।ਜਾਨੀਆ ਚਾਹਲ ਦੇ ਪਾੜ ਨੂੰ ਪੂਰਨ ਲਈ ਰੇਤ ਦੇ ਬੋਰਿਆਂ ਅਤੇ ਪੱਥਰਾਂ ਦਾ ਬੰਨ੍ਹ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਪਾੜ ਨੂੰ ਪੂਰਨ ਲਈ 3 ਲੱਖ ਮਿੱਟੀ ਦੇ ਬੋਰੇ, 2 ਲੱਖ ਘਣ ਫੁੱਟ ਵੱਡੇ ਪੱਥਰ ਤੇ 270 ਕੁਇੰਟਲ ਤਾਰ ਦੀ ਵਰਤੋਂ ਕੀਤੀ ਗਈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਇਹ ਵੱਡੇ ਪੱਥਰ ਪਠਾਨਕੋਟ ਤੋਂ ਮੰਗਵਾਏ ਗਏ। ਇਹ ਪੱਥਰ ਕਮਾਲਪੁਰ ਮੰਡੀ ਵਿਚ ਇਕੱਠੇ ਕੀਤੇ ਗਏ ਜਿਥੋਂ ਇਨ੍ਹਾਂ ਦੀ ਸਪਲਾਈ ਟਰੈਕਟਰ ਟਰਾਲੀਆਂ ਰਾਹੀਂ ਬੰਨ੍ਹ ਤੱਕ ਕੀਤੀ ਗਈ।ਹੁਣ, ਮਿੱਟੀ ਨਾਲ ਇਸ ਬੰਨ੍ਹ ਨੂੰ ਹੋਰ ਮਜ਼ਬੂਤੀ ਦੇਣ ਦਾ ਕੰਮ ਸੁਰੂ ਹੋ ਗਿਆ ਹੈ। ਇਸ ਕੰਮ ਲਈ ਭਾਰੀ ਅਰਥਮੂਵਰ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ।