January 22, 2025
#ਪੰਜਾਬ

ਹੜ੍ਹਾਂ ਕਾਰਨ 445 ਪਸ਼ੂਆਂ ਦਾ ਜਾਨੀ ਨੁਕਸਾਨ

1.96 ਕਰੋੜ ਰੁਪਏ ਦਾ ਦਿੱਤਾ ਜਾਵੇਗਾ ਮੁਆਵਜ਼ਾ

ਚੰਡੀਗੜ੍ਹ – ਪੰਜਾਬ ਵਿੱਚ ਹੜ੍ਹਾਂ ਕਾਰਨ 445 ਵੱਡੇ ਜਾਨਵਰਾਂ / ਪਸ਼ੂਆਂ, 90 ਸੂਰਾਂ, 38 ਬੱਕਰੀਆਂ ਅਤੇ 29200 ਪੋਲਟਰੀ ਬਰਡਜ਼ ਨੂੰ ਭਾਰੀ ਨੁਕਸਾਨ ਹੋਇਆ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ। ਮੁੱਖ ਮੰਤਰੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਦ ਤੋਂ ਜਲਦ ਮੁਆਵਜ਼ਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ 1.96 ਕਰੋੜ ਰੁਪਏ ਮੁਆਵਜੇ ਵਜੋਂ ਦਿੱਤੇ ਜਾਣਗੇ ਜਿਸ ਵਿੱਚੋਂ ਵੱਡੇ ਪਸ਼ੂ ਲਈ 30,000 ਰੁਪਏ, ਬੱਕਰੀ/ਸੂਰ ਲਈ 3,000 ਰੁਪਏ ਅਤੇ ਪੋਲਟਰੀ ਬਰਡਜ਼ ਲਈ 200 ਰੁਪਏ ਪ੍ਰਤੀ ਜਾਨਵਰ ਦਿੱਤੇ ਜਾਣਗੇ।ਇਸ ਤੋਂ ਇਲਾਵਾ, ਪਸ਼ੂ ਪਾਲਣ ਵਿਭਾਗ ਦਾ ਸਟਾਫ ਪਸ਼ੂਆਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਪਸ਼ੂਆਂ ਦੇ ਮਾਹਿਰਾਂ ਦੀਆਂ 170 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ 157 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੜ੍ਹਾਂ ਦੌਰਾਨ 14210 ਪਸ਼ੂਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 13765 ਪਸ਼ੂਆਂ ਦਾ ਗਲਘੋਟੂ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਚੁੱਕਾ ਹੈ। ਦਵਾਈ ਅਤੇ ਟੀਕਾਕਰਨ ’ਤੇ ਲਗਭਗ 3.10 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਾਹਿਰਾਂ ਵਲੋਂ ਹੜ੍ਹਾਂ ਦੌਰਾਨ ਹੋਣ ਵਾਲੀਆਂ ਹੋਰ ਸੰਭਾਵਿਤ ਬਿਮਾਰੀਆਂ ਦੇ ਲੱਛਣਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਜਿਹਨਾਂ ਪਸ਼ੂਆਂ ਵਿੱਚ ਇਹ ਲੱਛਣ ਪਾਏ ਜਾਂਦੇ ਹਨ, ਉਹਨਾਂ ਪਸ਼ੂਆਂ ਨੂੰ ਡਾਕਟਰਾਂ ਤੋਂ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕਰਵਾਉਣ ਲਈ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕੋਲ ਪਸ਼ੂਆਂ ਦੀਆਂ ਦਵਾਈਆਂ ਦਾ ਲੋੜੀਂਦਾ ਸਟਾਕ ਉਪਲਬਧ ਹੈ।ਵਿਭਾਗ ਨੇ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ ਜਿਸ ਤਹਿਤ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਟਰੈਕਟਰਾਂ ਅਤੇ ਟਰਾਲੀਆਂ ਰਾਹੀਂ ਘਰ-ਘਰ ਜਾ ਕੇ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਇਆ ਗਿਆ ਹੈ। ਵਿਭਾਗ ਨੂੰ ਇਸ ਕਾਰਜ ਲਈ 18 ਕਰੋੜ ਰੁਪਏ ਦੀ ਲੋੜ ਹੈ ਜਿਸ ਨਾਲ ਵਿਭਾਗ ਨੂੰ ਲੋਂੜੀਦੀ ਕੁੱਲ ਰਾਸ਼ੀ ਤਕਰੀਬਨ 23.16 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਵਿਚ ਹੜ੍ਹ ਦਾ ਪਾਣੀ ਘੱਟ ਜਾਣ ਨਾਲ ਬਿਮਾਰ ਪਸ਼ੂਆਂ ਨੂੰ ਨੇੜੇ ਦੇ ਪਸ਼ੂ ਹਸਪਤਾਲਾਂ ਵਿਚ ਲਿਜਾਇਆ ਜਾ ਰਿਹਾ ਹੈ।