5ਵਾਂ ਮੈਗਾ ਰੋਜ਼ਗਾਰ ਮੇਲਾ 9 ਤੋਂ 30 ਸਤੰਬਰ ਤੱਕ
ਪ੍ਰਾਈਵੇਟ ਖੇਤਰ ਵਿੱਚ 2.10 ਲੱਖ ਨੌਕਰੀਆਂ ਅਤੇ ਇੱਕ ਲੱਖ ਨੌਜਵਾਨਾਂ ਲਈ ਸਵੈ-ਰੋਜ਼ਗਾਰ ਲਈ ਕਰਜ਼ੇ ਦੀ ਕੀਤੀ ਜਾਵੇਗੀ ਪੇਸ਼ਕਸ਼ : ਚੰਨੀ
ਚੰਡੀਗੜ – ਪੰਜਾਬ ਸਰਕਾਰ ਵੱਲੋਂ 9 ਸਤੰਬਰ ਤੋਂ 30 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਾਏ ਜਾਣਗੇ, ਇੰਨਾਂ ਮੇਲਿਆਂ ਵਿੱਚ ਪ੍ਰਾਈਵੇਟ ਖੇਤਰ ’ਚ 2.10 ਲੱਖ ਨੌਕਰੀਆਂ ਦੀ ਪੇਸ਼ਕਸ਼ ਦੇ ਨਾਲ ਨਾਲ 1 ਲੱਖ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਕਰਜ਼ੇ ਦੀ ਸਹੂਲਤ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੱਜ ਇੱਥੇ ਪੰਜਾਬ ਭਵਨ ਵਿਖੇ ਕੀਤੀ ਪੈ੍ਰਸ ਕਾਨਫਰੰਸ ਦੌਰਾਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਹਰੇਕ ਜ਼ਿਲੇ ਵਿੱਚ ਅਤੇ ਸੂਬੇ ਭਰ ਵਿੱਚ ਕੁੱਲ 82 ਥਾਵਾਂ ’ਤੇ ਆਯੋਜਿਤ ਕੀਤੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਅਕਤੂਬਰ ਨੂੰ ਰੋਪੜ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ।ਰੋਜ਼ਗਾਰ ਉੱਤਪਤੀ ਮੰਤਰੀ ਨੇ ਦੱਸਿਆ ਕਿ 5ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ ਇੱਕ ਵਿਸੇਸ਼ ਉਪਰਾਲੇ ਦੇ ਤਹਿਤ 18 ਸਤੰਬਰ ਨੂੰ ਆਈ.ਐਸ.ਬੀ. ਮੋਹਾਲੀ ਵਿਖੇ ਉੱਚ-ਪੱਧਰੀ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਲਗਭਗ 25 ਬੁਹ-ਕੌਮੀ ਕੰਪਨੀਆਂ ਵਲੋਂ 3 ਤੋਂ 9 ਲੱਖ ਰੁਪਏ ਦੇ ਪੈਕੇਜ ਵਾਲੀਆਂ 800 ਨੌਕਰੀਆਂ ਮੁਹੱਈਆਂ ਕਰਵਾਈਆਂ ਜਾਣਗੀਆਂ।ਮੰਤਰੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਜਲਦ ਹੀ 1 ਲੱਖ ਸਰਕਾਰੀ ਨੌਕਰੀਆਂ ਲਈ ਭਰਤੀ ਕਰੇਗੀ ਅਤੇ ਇਹਨਾਂ ਅਸਾਮੀਆਂ ਦੀ ਭਰਤੀ ਲਈ ਕਾਰਵਾਈ ਬੜੀ ਤੇਜੀ ਨਾਲ ਚੱਲ ਰਹੀ ਹੈ।ਸ. ਚੰਨੀ ਨੇ ਕਿਹਾ ਕਿ ਇਸ ਤੋਂ ਪਹਿਲ਼ਾਂ ਮੌਜੂਦਾ ਸਰਕਾਰ ਵਲੋਂ ਚਾਰ ਸੂਬਾ ਪੱਧਰੀ ਤੇ ਇੱਕ ਕੌਮਾਂਤਰੀ ਪੱਧਰ ਦੇ ਰੋਜ਼ਗਾਰ ਮੇਲਿਆਂ ਦਾ ਆਯਜਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਮੌਜੂਦਾ ਕਾਰਜਕਾਲ ਦੌਰਾਨ ਸਾਲ 2017 ਤੋਂ ਹੁਣ ਤੱਕ, 8 ਲੱਖ ਤੋਂ ਵੱਧ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਵਿੱਚ ਰੋਜ਼ਗਾਰ/ਸਵੈ ਰੋਜ਼ਗਾਰ ਦਿੱਤਾ ਗਿਆ ਹੈ । ਸੀ੍ਰ ਚੰਨੀ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਪ੍ਰਮੁੱਖ ਸਕੀਮ ‘ਘਰ ਘਰ ਰੋਜ਼ਗਾਰ ਸਕੀਮ’ ਦੀਆਂ ਗਤੀਵਿਧੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ। ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹੀ ਮੁੱਖ ਮੰਤਰੀ ਨੇ ਡਿਸਟਿ੍ਰਕਟ ਬਿਊਰੋ ਆਫ਼ ਇੰਪਲਾਇਮੈਂਟ ਐਂਡ ਇੰਟਰਪ੍ਰਾਇਜਜ਼ (ਡੀਬੀਈਈ) ਸਥਾਪਤ ਕਰਨ ਦੀ ਨਿੱਜੀ ਪਹਿਲਕਦਮੀ ਕੀਤੀ ਹੈ, ਜੋ ਕਿ ਸੂਬੇ ਦੇ 22 ਜ਼ਿਲਿਆਂ ਵਿੱਚ ਸਥਾਪਤ ਕੀਤੇ ਗਏ ਹਨ ਅਤੇ ਨਵੰਬਰ 2018 ਤੋਂ ਕਾਰਜਸ਼ੀਲ ਹਨ। ਡੀ.ਬੀ.ਈ.ਈ ਵਲੋਂ ਜ਼ਿਲਾਂ ਪੱਧਰ ‘ਤੇ ਹਰ ਮਹੀਨੇ 2 ਨੌਕਰੀ ਮੁਹਿੰਮਾ ਅਤੇ ਇੱਕ ਛੋਟੇ ਸ਼ਹਿਰਾਂ ਇੱਕ ਨੌਕਰੀ ਮੇਲਾ ਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਹੁਣ ਤੱਕ 1025 ਮੇਲੇ/ਨੌਕਰੀ ਮੁਹਿੰਮਾਂ ਚਲਾਈਆਂ ਗਈਆਂ ਹਨ।ਉਨਾਂ ਦੱਸਿਆ ਕਿ ਇੱਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਰੋਜ਼ਗਾਰ ਉੱਤਪਤੀ ਵਿਭਾਗ ਵਿੱਚ ‘ਵਿਦੇਸ਼ੀ ਸਿੱਖਿਆ ਸੈੱਲ’ ਸਥਾਪਤ ਕਰਨ ਜਾ ਰਹੀ ਹੈ, ਜੋ ਵਿਦਿਆਰਥੀਆਂ ਨੂੰ ਧੋਖੇਬਾਜ਼ ਟਰੈਵਲ ਏਜੰਟਾਂ ਅਤੇ ਜਾਅਲੀ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਬਚਾਏਗਾ। ਉਹਨਾਂ ਕਿਹਾ ਕਿ ਇਹ ਸੈੱਲ ਏਜੰਟ ਵਜੋਂ ਕੰਮ ਕਰੇਗਾ ਤੇ ਸੂਬੇ ਦੇ ਵਿਦਿਆਰਥੀਆਂ ਦੀ ਵਿਦੇਸ਼ਾਂ ਵਿੱਚ ਪੜਾਈ ਲਈ ਸਹਾਇਤਾ ਅਤੇ ਮਾਰਗ-ਦਰਸ਼ਨ ਕਰੇਗਾ। ਇਸ ਸੈੱਲ ਨਾਲ ਬਹੁਤ ਸਾਰੀਆਂ ਵਿਦੇਸ਼ੀ ਪਬਲਿਕ ਯੂਨੀਵਰਸਿਟੀਆਂ/ ਕਾਲਜ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਰਜਿਸ਼ਟਰ ਹੋਣਗੀਆਂ। ਇਹ ਸੈੱਲ ਵਿਦਿਆਰਥੀਆਂ ਦੀ ਵਿਦੇਸ਼ਾਂ ਵਿੱਚ ਪੜਾਈ ਲਈ ਵਿਦੇਸ਼ੀ ਸੰਸਥਾਵਾਂ ਨਾਲ ਸਿੱਧਾ ਸੰਪਰਕ ਕਰੇਗਾ। ਇਸ ਦੇ ਨਾਲ ਹੀ ਇਹ ਸੈਲ ਨਾ ਸਿਰਫ਼ ਵਿਦਿਆਰਥੀਆਂ ਨੂੰ ਏਜੰਟਾਂ ਦੇ ਧੋਖੇ ਤੋਂ ਬਚਾਏਗਾ ਸਗੋਂ ਵਿਦੇਸ਼ੀ ਸੰਸਥਾਵਾਂ ਵਲੋਂ ਏਜੰਟਾਂ ਨੂੰ ਦਿੱਤਾ ਜਾਣ ਵਾਲਾ ਕਮਿਸ਼ਨ ਵੀ ਵਿਦਿਆਰਥੀਆਂ ਨੂੰ ਵਾਪਿਸ ਕੀਤਾ ਜਾਵੇਗਾ ਜੋ ਕਿ ਉਹਨਾਂ ਦੀ ਵਿੱਤੀ ਸਹਾਇਤਾ ਲਈ ਸਹਾਈ ਹੋਵੇਗਾ।ਮੰਤਰੀ ਚੰਨੀ ਨੇ ਕਿਹਾ ਕਿ ‘ਪੰਜਾਬ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਦੇ ਅਧੀਨ ਬੇਰੁਜ਼ਗਾਰ ਨੌਜਵਾਨਾਂ ਦੀ ਸਹਾਇਤਾ ਲਈ ਪੰਜਾਬ ਜੌਬ ਹੈਲਪਲਾਈਨ, ਸ਼ੋਸਲ਼ ਮੀਡੀਆ, ਡਿਜੀਟਲ ਮੀਡੀਆ, ਵੈਬ ਪੋਰਟਲ ਅਤੇ ਵੈਬਸਾਈਟ ਦੀ ਸ਼ੁਰੂਆਤ ਹੋ ਚੁੱਕੀ ਹੈ।ਇਸੇ ਦੇ ਤਹਿਤ ਵਿਭਾਗ ਹਰੇਕ ਬੇਰੁਜ਼ਗਾਰ ਨੌਜ਼ਵਾਨ ਦੀ ਸਹਾਇਤਾ ਲਈ ਟੈਲੀ-ਕਾਲ ਸੈਂਟਰ ਸਥਾਪਤ ਕਰ ਰਿਹਾ ਹੈ ਜੋ ਕਿ 100 ਮਾਹਿਰਾਂ ਦੀ ਟੀਮ ਵਲੋਂ ਚਲਾਇਆ ਜਾਵੇਗਾ।ਇਸ ਮੌਕੇ ਹੋਰ ਪਤਵੰਤਿਆਂ ਤੋਂ ਇਲਾਵਾ ਰੋਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ, ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ੍ਰੀ ਪ੍ਰਵੀਨ ਥਿੰਦ, ਰੋਜ਼ਗਾਰ ਉੱਤਪਤੀ ਵਿਭਾਗ ਦੀ ਵਧੀਕ ਡਾਇਰੈਕਟਰ ਰਾਜਦੀਪ ਕੌਰ, ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਮੋਹਨਬੀਰ ਸਿੰਘ ਸਿੱਧੂ ਸਮੇਤ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।