September 7, 2024
#ਖੇਡਾਂ

ਪੰਜਾਬ ਸਰਕਾਰ ਅਤੇ ਬਰਮਿੰਘਮ ਯੂਨੀਵਰਸਿਟੀ ਸੂਬੇ ’ਚ ਖੇਡ ਹੁਨਰ ਨੂੰ ਉਭਾਰਨ ਵਾਸਤੇ ਮਿਲਕੇ ਕੰਮ ਕਰਨਗੇ-ਰਾਣਾ ਸੋਢੀ

ਬਿ੍ਰਟਸ਼ ਹਾਈ ਕਮਿਸ਼ਨਰ ਐਂਡਰਿਊ ਆਇਰ ਇੱਕ ਉਚ ਪੱਧਰੀ ਵਫਦ ਨਾਲ ਰਾਣਾ ਸੋਢੀ ਨੂੰ ਮਿਲੇ
ਚੰਡੀਗੜ – ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਪੰਜਾਬ ਸੂਬੇ ਵਿੱਚ ਖੇਡ ਹੁਨਰ ਨੂੰ ਉਭਾਰ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਗੀ ਅਤੇ ਇਸ ਨੇ ਮਹਾਰਾਜ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪਟਿਆਲਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਨੂੰ ਬਨਾਉਣ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੇਣ ਲਈ ਵੱਡੀ ਦਿਲਚਸਪੀ ਵਿਖਾਈ ਹੈ।ਇਸ ਦਾ ਪ੍ਰਗਟਾਵਾ ਅੱਜੇ ਏਥੇ ਖੇਡ ਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਿ੍ਰਟਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ ਸ੍ਰੀ ਐਂਡਰਿਊ ਆਇਰ, ਸੀਨੀਅਰ ਲੈਕਚਰਾਰ ਸਪੋਰਟਸ ਕੋਚਿੰਗ ਡਾ. ਮਾਰਟਿਨ ਟੋਮਸ ਅਤੇ ਡਾਇਰੈਕਟਰ ਇੰਡੀਆ ਕੌਂਟਰੀ ਇੰਸਟੀਚਿਊਟ ਸ੍ਰੀ ਦੀਪਾਂਕਰ ਭੱਟਾਚਾਰੀਆ ਆਧਾਰਤ ਵਫਦ ਨਾਲ ਪੰਜਾਬ ਭਵਨ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕੀਤਾ।ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਦੁਨੀਆਂ ਦੀਆਂ ਪ੍ਰਮੁੱਖ ਯੂਨੀਵਸਿਟੀਆਂ ਵਿੱਚੋਂ ਇੱਕ ਬਰਮਿੰਘਮ ਯੂਨੀਵਰਸਿਟੀ ਵਿੱਚਕਾਰ ਵੱਖ ਵੱਖ ਖੇਤਰਾਂ ਵਿੱਚ ਭਾਈਵਾਲੀ ਹੋਵੇਗੀ ਜਿਨਾਂ ਵਿੱਚ ਮਨੋਵਿਗਿਆਨ, ਫਿਜਿਓਲੋਜੀ, ਪੌਸ਼ਟਕਤਾ, ਕੋਚਿੰਗ ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਨਰ ਦੀ ਸ਼ਨਾਖਤ, ਹੁਨਰ ਵਿਕਾਸ, ਹੁਨਰ ਸਮਰਥਨ, ਖਿਡਾਰੀਆਂ ਦੀ ਸਿਹਤ ਦਾ ਪ੍ਰਬੰਧਨ, ਅਕਾਦਮਿਕ ਪ੍ਰੋਗਰਾਮ ਨੂੰ ਵਿਕਸਤ ਕਰਨਾ ਅਤੇ ਸਪੋਟਸ ਸਾਇੰਸ ਦੀ ਸਿਖਲਾਈ ਦੇ ਹੋਰ ਪੱਖ ਵੀ ਇਸ ਵਿੱਚ ਹੋਣਗੇ।ਇਸ ਦੌਰਾਨ ਵਫਦ ਦੇ ਮੈਂਬਰਾਂ ਨੂੰ ਪੰਜਾਬ ਵਿੱਚ ਖਿਡਾਰੀਆਂ ਦੇ ਹੁਨਰ ਅਤੇ ਸਮਰੱਥਾ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਵਫਦ ਨੇ ਸੂਬੇ ਵਿੱਚ ਖੇਡ ਦੇ ਮਿਆਰ ਨੂੰ ਉਭਾਰਨ ਦੇ ਲਈ ਸਰਗਰਮ ਸਹਾਇਤਾ ਦੇਣ ਦਾ ਮੰਤਰੀ ਨੂੰ ਭਰੋਸਾ ਦੁਵਾਇਆ।ਇਸ ਮੌਕੇ ਵਧੀਕ ਮੁੱਖ ਸਕੱਤਰ ਖੇਡਾਂ ਸ੍ਰੀ ਸੰਜੇ ਕੁਮਾਰ ਵੀ ਹਾਜ਼ਰ ਸਨ।