ਪੰਜਾਬ ’ਚ ਹੜਾਂ ਨੂੰ ਰੋਕਣ ਲਈ ਪੱਕੇ ਪ੍ਰਬੰਧ ਹਿੱਤ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਤੱਕ ਪਹੁੰਚ
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰਾ ਸਿੰਘ ਸ਼ੇਖਾਵਤ ਨਾਲ ਦਿੱਲੀ ਵਿਖੇ ਮੁਲਾਕਾਤ
ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਵਾਰ-ਵਾਰ ਆਉਂਦੇ ਹੜ੍ਹਾਂ ਨੂੰ ਰੋਕਣ ਲਈ ਵਿਆਪਕ ਪੱਧਰ ’ਤੇ ਠੋਸ ਯੋਜਨਾ ਉਲੀਕੀ ਜਾਵੇ ਕਿਉਂ ਜੋ ਇਨ੍ਹਾਂ ਹੜ੍ਹਾਂ ਨਾਲ ਸੂਬੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰਾ ਸਿੰਘ ਸ਼ੇਖਾਵਤ ਨੂੰ ਮਿਲ ਕੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਦੀ ਰੋਕਥਾਮ ਲਈ ਠੋਸ ਤੇ ਕਾਰਗਾਰ ਤਰੀਕਾ ਲੱਭੇ ਜਿਸ ਨਾਲ ਸੂਬਾ ਹਰ ਸਾਲ ਹੁੰਦੇ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਬਚ ਸਕੇ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਸੂਬੇ ਵਿਚਲੇ ਹੜ੍ਹਾਂ ਦੇ ਕਾਰਨਾਂ ਬਾਰੇ ਜਾਣੂੰ ਕਰਵਾਇਆ ਹੈ ਅਤੇ ਸੂਬਾ ਹਰ ਸਾਲ ਇੰਨਾ ਵੱਡਾ ਨੁਕਸਾਨ ਝੱਲਣ ਦੀ ਹਾਲਤ ਵਿੱਚ ਨਹ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਹੜ੍ਹਾਂ ਦੀ ਰੋਕਥਾਮ ਦੇ ਕਈ ਸੁਝਾਅ ਦਿੱਤੇ ਹਨ।