ਮੁੱਖ ਮੰਤਰੀ ਹਰਿਆਣਾ ਵੱਲੋਂ ਕਿਸਾਨਾਂ ਨੂੰ ਰਾਹਤ-ਸਹਿਕਾਰੀ ਬੈਂਕਾਂ ਦੇ ਕਰਜ਼ੇ ’ਤੇ 4750 ਕਰੋੜ ਦਾ ਵਿਆਜ ਤੇ ਜਰਮਾਨੇ ਮੁਆਫ਼
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਨੂੰ ਵੱਡੀ ਰਾਹਤ ਪਹੁੰਚਾਉਂਦੇ ਹੋਏ ਇਕਮੁਸ਼ਤ ਨਿਪਟਾਉਣ ਸਕੀਮ ਦੇ ਤਹਿਤ ਉਨ੍ਹਾਂ ਦੀਆਂ ਫਸਲਾਂ ਕਰਜ਼ਿਆਂ ਦੇ ਵਿਆਜ ਤੇ ਜਰਮਾਨੇ ਦੀ 4750 ਕਰੋੜ ਰੁਪਏ ਦੀ ਰਕਮ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਸੂਬੇ ਦੇ ਲਗਭਗ ਦੱਸ ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਅਸਲ ਕਰਜ਼ਿਆਂ ਦੀ ਅਦਾਇਗੀ ਕਰਨ ਦੀ ਆਖੀਰੀ ਮਿੱਤੀ ਵੀ ਵਧਾ ਕੇ 30 ਨਵੰਬਰ, 2019 ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਮਨੋਹਰ ਲਾਲ ਨੇ ਇਹ ਐਲਾਨ ਅੱਜ ਜਨ ਆਸ਼ੀਰਵਾਦ ਯਾਤਰਾ ਦੇ 12ਵੇਂ ਦਿਨ ਭਿਵਾਨੀ ਦੇ ਲੋਕ ਨਿਰਮਾਣ ਰੈਸਟ ਹਾਊਸ ਵਿਚ ਪੱਤਰਕਾਰ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਮੁੱਢਲੇ ਸਹਿਕਾਰੀ ਖੇਤੀਬਾੜੀ ਕਮੇਟੀਆਂ, ਜਿਲ੍ਹਾ ਕੇਂਦਰੀ ਸਹਿਕਾਰੀ ਬੈਂਕ, ਹਰਿਆਣਾ ਭੂਮੀ ਸੁਧਾਰ ਅਤੇ ਵਿਕਾਸ ਬੈਂਕ ਦੇ ਕਰਜ਼ਾਈ ਕਿਸਾਨਾਂ ਨੂੰ ਫਾਇਦਾ ਹੋਵੇਗਾ।