December 4, 2024
#ਦੇਸ਼ ਦੁਨੀਆਂ

ਇਜ਼ਰਾਈਲ ਦੇ ਪੀ.ਐੱਮ. ਨੇ ਰੱਦ ਕੀਤੀ ਭਾਰਤ ਯਾਤਰਾ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਦੇਸ਼ ਵਿਚ ਮੱਧ ਮਿਆਦ ਦੀਆਂ ਚੋਣਾਂ ਦਾ ਹਵਾਲਾ ਦੇ ਕੇ 9 ਸਤੰਬਰ ਦੀ ਭਾਰਤ ਦੀ ਆਪਣੀ ਨਿਰਧਾਰਤ ਯਾਤਰਾ ਰੱਦ ਕਰ ਦਿੱਤੀ। ਉਹ ਇਕ ਦਿਨ ਦੀ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਆਉਣ ਵਾਲੇ ਸਨ। ਸੂਤਰਾਂ ਨੇ ਦੱਸਿਆ ਕਿ ਨੇਤਨਯਾਹੂ ਨੇ ਮੰਗਲਵਾਰ ਸਵੇਰੇ ਮੋਦੀ ਨਾਲ ਗੱਲ ਕੀਤੀ। ਇਸ ਦੌਰਾਨ ਇਜ਼ਰਾਈਲ ਵਿਚ 17 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਕਾਰਨ ਦੋਵੇਂ ਨੇਤਾ ਨੇਤਨਯਾਹੂ ਦੀ ਨਵੀਂ ਦਿੱਲੀ ਦੀ ਨਿਰਧਾਰਿਤ ਯਾਤਰਾ ਨੂੰ ਰੱਦ ਕੀਤੇ ਜਾਣ ‘ਤੇ ਸਹਿਮਤ ਹੋ ਗਏ। ਇਹ ਸਾਲ ਵਿਚ ਦੂਜੀ ਵਾਰ ਹੈ ਜਦੋਂ ਇਜ਼ਰਾਈਲ ਦੇ ਨੇਤਾ ਨੇ ਭਾਰਤ ਦੀ ਆਪਣੀ ਨਿਰਧਾਰਤ ਯਾਤਰਾ ਨੂੰ ਰੱਦ ਕੀਤਾ ਹੈ।ਉਹ ਅਪ੍ਰੈਲ ਵਿਚ ਚੋਣਾਂ ਤੋਂ ਪਹਿਲਾਂ ਵੀ ਭਾਰਤ ਦੀ ਆਪਣੀ ਯਾਤਰਾ ਰੱਦ ਕਰ ਚੁੱਕੇ ਹਨ। ਅਸਲ ਵਿਚ ਨੇਤਨਯਾਹੂ ਦੀ ਭਾਰਤ ਦੀ ਯਾਤਰਾ ਨੂੰ ਇਜ਼ਰਾਈਲ ਇਸ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਸੀ ਕਿ ਉਹ 17 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੁਨੀਆ ਭਰ ਵਿਚ ਆਪਣੀ ਪ੍ਰਵਾਨਗੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਆਪਣੇ ਪ੍ਰਚਾਰ ਨੂੰ ਗਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਜੁਲਾਈ ਵਿਚ ਨੇਤਨਯਾਹੂ ਦੀ ਲਿਕੁਦ ਪਾਰਟੀ ਨੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਉਨ੍ਹਾਂ ਦੀ ਤਸਵੀਰ ਵਾਲੇ ਬੈਨਰ ਲਗਾਏ ਸਨ। ਨੇਤਨਯਾਹੂ ਦਾ ਪ੍ਰਚਾਰ ਵਿਸ਼ਵ ਦੇ ਨੇਤਾਵਾਂ ਦੇ ਨਾਲ ਉਨ੍ਹਾਂ ਦੇ ਕਰੀਬੀ ਤਾਲਮੇਲ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਹੈ।