ਪੰਜਾਬ ਮਿਲਾਵਟੀ ਭੋਜਨ ਪਦਾਰਥਾਂ ‘ਤੇ ਕਰੜੀ ਰੋਕ ਲਗਾਉਣ ਵਿੱਚ ਦੇਸ਼ ਵਿੱਚ ਅੱਵਲ: ਪੰਨੂ
ਹਰ ਮਹੀਨੇ ਇਕ ਹਜ਼ਾਰ ਤੋਂ ਵੱਧ ਲਏ ਜਾ ਰਹੇ ਹਨ ਨਮੂਨੇ
ਚੰਡੀਗੜ੍ਹ – ਮਿਲਾਵਟੀ ਭੋਜਨ ਪਦਾਰਥਾਂ ‘ਤੇ ਰੋਕ ਲਗਾਉਣ ਲਈ ਹਰ ਮਹੀਨੇ ਮਿਲਾਵਟੀ ਭੋਜਨ ਪਦਾਰਥਾਂ ਦੇ ਇਕ ਹਜ਼ਾਰ ਤੋਂ ਵੱਧ ਨਮੂਨੇ ਭਰ ਕੇ ਪੰਜਾਬ ਦੇਸ਼ ਭਰ ਵਿੱਚ ਅੱਵਲ ਹੈ, ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ। ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਵੱਡੇ ਭੂਗੋਲਿਕ ਖੇਤਰ ਵਾਲੇ ਸੂਬਿਆਂ ਨੂੰ ਛੱਡ ਕੇ ਪੰਜਾਬ ਸਭ ਤੋਂ ਵੱਧ ਭੋਜਨ ਪਦਾਰਥਾਂ ਦੇ ਨਮੂਨੇ ਲੈਣ ਅਤੇ ਜਾਂਚ ਕਰਨ ਵਾਲਾ ਸੂਬਾ ਹੈ। ਭਾਰਤ ਸਰਕਾਰ ਵੱਲੋਂ ਨਮੂਨੇ ਇਕੱਠੇ ਕਰਕੇ ਜਾਂਚ ਕਰਾਉਣ ਸਬੰਧੀ ਟੀਚੇ ਹਾਸਲ ਕਰਨ ਲਈ ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਕਾਰਗੁਜਾਰੀ ਵੇਰਵਿਆਂ ਤੋਂ ਪਤਾ ਚਲਦਾ ਹੈ ਕਿ ਪੰਜਾਬ ਵਿੱਚ ਸਾਲ 2018-19 ਦੌਰਾਨ 11920 ਸੈਂਪਲ ਲਏ ਗਏ ਅਤੇ ਇਨਾਂ ਦੀ ਜਾਂਚ ਕਰਵਾਈ ਗਈ। ਉਨਾਂ ਕਿਹਾ ਕਿ ਮੁੱਖ ਮੰਤਰੀ, ਪੰਜਾਬਦੇ ਦ੍ਰਿੜ ਸੰਕਲਪ ਸਦਕਾ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲੋਕਾਂ ਨੂੰ ਵਧੀਆ ਦਰਜੇ ਦੇ ਭੋਜਨ ਪਦਾਰਥ ਤੇ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਦੀ ਦਿਸ਼ਾ ‘ਚ ਇਸ ਵੱਡੇ ਟੀਚੇ ਨੂੰ ਹਾਸਲ ਕਰਨਾ ਸੰਭਵ ਹੋਇਆ ਹੈ। ਕੰਮ ਦੀ ਚੰਗੀ ਕਾਰਗੁਜ਼ਾਰੀ ਦਾ ਪਤਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਾਲ 2016-17 ਦੌਰਾਨ ਸਿਰਫ 4431 ਸੈਂਪਲ ਲਏ ਗਏ ਅਤੇ ਉਨਾਂ ਵਿੱਚੋਂ 4054 ਸੈਂਪਲਾਂ ਦੀ ਹੀ ਜਾਂਚ ਹੋਈ।ਇਹ ਦੱਸਣਾ ਜਰੂਰੀ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ/ਕੇਂਦਰ ਸ਼ਾਸ਼ਤ ਪ੍ਰਦੇਸ਼ ਨੇ ਸੈਂਪਲ ਇਕੱਤਰ ਕਰਨ ਤੇ ਜਾਂਚ ਕਰਨ ਵਿੱਚ 10,000 ਦੇ ਅੰਕੜੇ ਨੂੰ ਨਹੀਂ ਛੋਹਿਆ ਹੈ। ਭਾਵੇਂ ਸਾਲ 2018-19 ਦੌਰਾਨ ਤਾਮਿਲ ਨਾਡੂ 14065 ਸੈਂਪਲ ਇਕੱਠੇ ਕਰਕੇ ਪੰਜਾਬ ਤੋਂ ਅੱਗੇ ਨਿੱਕਲ ਗਿਆ ਪਰ ਉੱਥੇ ਇਨਾਂ ਵਿੱਚੋਂ ਸਿਰਫ 5730 ਸੈਂਪਲਾਂ ਦੀ ਹੀ ਜਾਂਚ ਕੀਤੀ ਜਾ ਸਕੀ ਜੋ ਕਿ ਪੰਜਾਬ ਦੇ ਮੁਕਾਬਲੇ ਬਹੁਤ ਘੱਟ ਹੈ।