January 15, 2025
#ਖੇਡਾਂ

ਕੋਹਲੀ ਭਾਰਤ ਦਾ ਸਭ ਤੋਂ ਸਫ਼ਲ ਟੈਸਟ ਕਪਤਾਨ ਬਣਿਆ

ਵੈਸਟ ਇੰਡੀਜ਼ ਨੂੰ ਦੂਜੇ ਕ੍ਰਿਕਟ ਟੈਸਟ ਵਿੱਚ 257 ਦੌੜਾਂ ਨਾਲ ਹਰਾ ਕੇ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਪਛਾੜ ਕੇ ਸਭ ਤੋਂ ਸਫਲ ਕਪਤਾਨ ਬਣ ਗਿਆ, ਜਿਸ ਦੀ ਅਗਵਾਈ ਵਿੱਚ ਭਾਰਤ ਦੀ ਇਹ 28ਵੀਂ ਜਿੱਤ ਸੀ। ਇਸ ਤਰ੍ਹਾਂ ਕੋਹਲੀ ਨੇ 48 ਵਿੱਚੋਂ 28 ਮੈਚ ਜਿੱਤ ਲਏ ਹਨ, ਜਦਕਿ ਧੋਨੀ ਨੇ ਆਪਣੀ ਕਪਤਾਨੀ ਦੌਰਾਨ ਭਾਰਤ ਨੂੰ 60 ਟੈਸਟ ਮੈਚਾਂ ਵਿੱਚੋਂ 27 ਜਿਤਾਏ ਸਨ।ਕੋਹਲੀ ਨੇ ਨਵਾਂ ਰਿਕਾਰਡ ਆਪਣੇ ਨਾਮ ਹੋਣ ਮੌਕੇ ਕਿਹਾ, ‘‘ਕਪਤਾਨੀ ਦਾ ਮਤਲਬ ਆਪਣੇ ਨਾਮ ਅੱਗੇ ਕਪਤਾਨ ਲਿਖਿਆ ਹੋਣ ਹੀ ਕਾਫ਼ੀ ਨਹੀਂ ਹੁੰਦਾ। ਇਹ ਟੀਮ ਦੇ ਯਤਨ ਦਾ ਨਤੀਜਾ ਹੈ। ਇਹ ਵਿਖਾਉਂਦਾ ਹੈ ਕਿ ਸਾਡੀ ਟੀਮ ਕਿੰਨੀ ਮਜ਼ਬੂਤ ਹੈ।’’ ਉਸ ਨੇ ਕਿਹਾ, ‘‘ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਰਵਿੰਦਰ ਜਡੇਜਾ ਨੇ ਜਿਸ ਤਰ੍ਹਾਂ ਗੇਂਦਬਾਜ਼ੀ ਕੀਤੀ। ਸਾਡੇ ਕੋਲ ਅਜਿਹੇ ਗੇਂਦਬਾਜ਼ ਨਾ ਹੁੰਦੇ ਤਾਂ ਨਤੀਜਾ ਕੁੱਝ ਹੋਰ ਹੁੰਦਾ।’’ਸਭ ਤੋਂ ਸਫਲ ਭਾਰਤੀ ਟੈਸਟ ਕਪਤਾਨਾਂ ਦੀ ਸੂਚੀ ਵਿੱਚ ਸੌਰਵ ਗਾਂਗੁਲੀ ਤੀਜੇ ਅਤੇ ਮੁਹੰਮਦ ਅਜ਼ਹਰੂਦੀਨ ਚੌਥੇ ਸਥਾਨ ’ਤੇ ਹੈ, ਜਿਨ੍ਹਾਂ ਨੇ ਕ੍ਰਮਵਾਰ 21 ਅਤੇ 14 ਮੈਚਾਂ ਵਿੱਚ ਜਿੱਤ ਦਿਵਾਈ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗਰੈਮ ਸਮਿੱਥ ਸਭ ਤੋਂ ਕਾਮਯਾਬ ਟੈਸਟ ਕਪਤਾਨ ਹੈ, ਜਿਸ ਨੇ 53 ਟੈਸਟ ਜਿੱਤੇ। ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਟੀਮ ਨੂੰ 48 ਟੈਸਟ ਵਿੱਚ ਜਿੱਤ ਦਿਵਾਈ। ਵੈਸਟ ਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ’ਤੇ ਹੂੰਝਾ ਫੇਰ ਕੇ ਭਾਰਤੀ ਕ੍ਰਿਕਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿੱਚ 120 ਅੰਕਾਂ ਨਾਲ ਚੋਟੀ ’ਤੇ ਹੈ।