ਅਮਰੀਕਾ ’ਚ ਅੱਗ ਲੱਗਣ ਕਾਰਨ ਕਿਸ਼ਤੀ ਡੁੱਬੀ, 25 ਲਾਸ਼ਾਂ ਬਰਾਮਦ
ਦੱਖਣੀ ਕੈਲੀਫੋਰਨੀਆ ਕੰਢੇ ਨੇੜੇ ਟਾਪੂ ’ਤੇ ਕਿਸ਼ਤੀ ’ਚ ਸੋਮਵਾਰ ਤੜਕੇ ਅੱਗ ਲੱਗਣ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਅਜੇ ਵੀ ਲਾਪਤਾ ਹਨ। ਕਿਸ਼ਤੀ ’ਤੇ ਸਕੂਬਾ ਡਾਈਵਿੰਗ ਦੇ ਸ਼ੌਕੀਨ ਵਿਅਕਤੀ ਸਵਾਰ ਸਨ। ਕਿਸ਼ਤੀ ’ਤੇ ਸਵਾਰ ਚਾਲਕ ਦਲ ਦੇ ਪੰਜ ਮੈਂਬਰਾਂ ਨੇ ਪਾਣੀ ’ਚ ਛਾਲਾਂ ਮਾਰ ਕੇ ਜਾਨ ਬਚਾਈ। ਬਚਾਅ ਦਲ ਨੂੰ ਚਾਰ ਲਾਸ਼ਾਂ ਲਾਸ ਏਂਜਲਸ ਦੇ ਉੱਤਰ-ਪੱਛਮ ’ਚ 145 ਕਿਲੋਮੀਟਰ ਦੂਰ ਸਾਂਟਾ ਕਰੂਜ਼ ਟਾਪੂ ਕੋਲ ਮਿਲੀਆਂ ਹਨ। ਸਾਹਿਲੀ ਰੱਖਿਅਕਾਂ ਨੇ ਦੱਸਿਆ ਕਿ ਪੰਜ ਲਾਸ਼ਾਂ ਕਿਸ਼ਤੀ ਹੇਠਾਂ ਦੱਬੀਆਂ ਹੋਈਆਂ ਹਨ ਪਰ ਖਤਰਾ ਹੋਣ ਕਰਕੇ ਉਨ੍ਹਾਂ ਨੂੰ ਕੱਢਿਆ ਨਹੀਂ ਜਾ ਸਕਿਆ ਹੈ। ਪ੍ਰਸ਼ਾਸਨ ਵੱਲੋਂ ਲਾਪਤਾ 9 ਵਿਅਕਤੀਆਂ ਦੀ ਅਜੇ ਭਾਲ ਕੀਤੀ ਜਾ ਰਹੀ ਹੈ। ਸਾਹਿਲੀ ਰੱਖਿਅਕ ਕੈਪਟਨ ਮੋਨਿਕਾ ਰੋਚੇਸਟਰ ਨੇ ਨਿਊਜ਼ ਕਾਨਫਰੰਸ ’ਚ ਕਿਹਾ,‘‘ਸਾਨੂੰ ਸਾਰਿਆਂ ਨੂੰ ਬੁਰੀ ਖ਼ਬਰ ਲਈ ਤਿਆਰ ਰਹਿਣਾ ਚਾਹੀਦਾ ਹੈ।’’ ਲੈਫ਼ਟੀਨੈਂਟ ਕਮਾਂਡਰ ਮੈਥਿਊ ਕਰੌਲ ਨੇ ਕਿਹਾ ਕਿ ਸ਼ੁਰੂ ’ਚ ਜਿਹੜੀਆਂ ਚਾਰ ਲਾਸ਼ਾਂ ਮਿਲੀਆਂ, ਉਨ੍ਹਾਂ ਦੀ ਮੌਤ ਡੁੱਬਣ ਕਾਰਨ ਹੋਈ। ਉਂਜ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਮੁੰਦਰ ਦੀ ਸਤਹਿ ’ਤੇ ਮੌਜੂਦ ਲਾਸ਼ਾਂ ਨੂੰ ਕਦੋਂ ਬਾਹਰ ਕੱਢਿਆ ਜਾਵੇਗਾ। ਸਾਂਟਾ ਬਾਰਬਰਾ ਕਾਊਂਟੀ ਸ਼ੈਰਿਫ ਬਿਲ ਬ੍ਰਾਊਨ ਨੇ ਕਿਹਾ ਕਿ ਕਿਸ਼ਤੀ ਘੱਟ ਪਾਣੀ ਵਾਲੀ ਥਾਂ ’ਤੇ ਪਲਟ ਗਈ।