December 8, 2024
#ਭਾਰਤ

ਪਾਕਿਸਤਾਨ ਵਲੋਂ ਕਸ਼ਮੀਰ ਘਾਟੀ ਵਿੱਚ ਘੁਸਪੈਠ ਦੀ ਕੋਸ਼ਿਸ਼ ਜਾਰੀ : ਫੌਜ ਵਲੋਂ ਲਸ਼ਕਰ ਦੇ ਦੋ ਅੱਤਵਾਦੀ ਕਾਬੂ

ਸ਼੍ਰੀਨਗਰ – ਚਿਨਾਰ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਕਸ਼ਮੀਰ ਘਾਟੀ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਜੰਮੂ ਕਸ਼ਮੀਰ ਪੁਲੀਸ ਦੇ ਨਾਲ ਸ਼੍ਰੀਨਗਰ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ 21 ਅਗਸਤ ਨੂੰ 2 ਪਾਕਿਸਤਾਨੀ ਘੁਸਪੈਠੀਆਂ ਨੂੰ ਬਾਰਾਮੂਲਾ ਤੋਂ ਗ੍ਰਿਫਤਾਰ ਕੀਤਾ ਸੀ| ਇਹ ਦੋਵੇਂ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਹਨ| ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਂ ਖਲੀਲ ਅਹਿਮਦ ਅਤੇ ਮੋਜਾਮ ਖੋਕਰ ਹਨ| ਉਨ੍ਹਾਂ ਫੜੇ ਗਏ ਅੱਤਵਾਦੀਆਂ ਦਾ ਵੀਡੀਓ ਵੀ ਜਾਰੀ ਕੀਤਾ ਅਤੇ ਕਿਹਾ ਕਿ ਇਸ ਵੀਡੀਓ ਨਾਲ ਪਾਕਿਸਤਾਨ ਦੀ ਅੱਤਵਾਦੀ ਸਾਜਿਸ਼ ਫਿਰ ਬੇਨਕਾਬ ਹੋ ਗਈ ਹੈ| ਲੈਫਟੀਨੈਂਟ ਜਨਰਲ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਵਿਚ ਅਸ਼ਾਂਤੀ ਫੈਲਾਉਣਾ ਚਾਹੁੰਦਾ ਹੈ, ਜਿਸ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ| ਕਈ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਵਿਚ ਹਨ| ਉਨ੍ਹਾਂ ਕਿਹਾ ਕਿ ਗ੍ਰਿਫਤਾਰ ਅੱਤਵਾਦੀਆਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਕਸ਼ਮੀਰ ਵਿੱਚ ਅਸ਼ਾਂਤੀ ਫੈਲਾਉਣ ਅਤੇ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ|