ਸਾਈਕਲ ਮੁਰੰਮਤ ਕਰਨ ਵਾਲੇ ਕਾਰੀਗਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਦੋਸ਼ੀ ਕਾਬੂ
ਗੜ੍ਹਸ਼ੰਕਰ – ਗੜਸ਼ੰਕਰ ਤੋ ਹੁਸਿਆਰਪੁਰ ਰੋੜ ਤੇ ਗੜਸ਼ੰਕਰ ਸ਼ਹਿਰ ਵਿੱਚ ਸਾਇਕਲਾ ਦੀ ਮੁਰੰਮਤ ਕਰਨ ਵਾਲੇ ਕਾਰੀਗਰ ਨਿਰਮਲ ਸਿੰਘ ਦੇ ਮਿਤੀ 26 ਅਗਸਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਅੰਨ੍ਹੇ ਕਤਲ ਦੀ ਗੁੱਥੀ ਸਥਾਨਕ ਪੁਲੀਸ ਨੇ ਸੁਲਝਾ ਕੇ ਕਾਤਿਲ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਸਤੀਸ਼ ਕੁਮਾਰ ਅਤੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਨਿਰਮਲ ਸਾਈਕਲ ਵਰਕਸ ਤਹਿਤ ਸ਼ਹਿਰ ਦੇ ਗੁੱਗਾ ਮਾੜੀ ਮੰਦਿਰ ਨੇੜੇ ਦੁਕਾਨ ਕਰਦਾ ਸੀ ਜਿਸਦਾ ਮਿਤੀ 26 ਅਗਸਤ ਨੂੰ ਅਣਪਛਾਤੇ ਵਿਅਕਤੀ ਵਲੋਂ ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਵਲੋਂ ਡੂੰਘਾਈ ਨਾਲ ਕੀਤੀ ਤਫ਼ਤੀਸ਼ ਦੌਰਾਨ ਕਤਲ ਕਾਂਡ ਦੇ ਦੋਸ਼ੀ ਪਲਵਿੰਦਰ ਸਿੰਘ ਭਿੰਦ ਪੁੱਤਰ ਜਸਪਾਲ ਸਿੰਘ ਵਾਸੀ ਰਾਵਲਪਿੰਡੀ ਗੜ੍ਹਸ਼ੰਕਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਪਲਵਿੰਦਰ ਸਿੰਘ ਦਾ ਨਿਰਮਲ ਸਿੰਘ ਨਾਲ ਕੁਝ ਦਿਨ੍ਹ ਪਹਿਲਾਂ ਮਾਮੂਲੀ ਝਗੜਾ ਹੋਇਆ ਸੀ ਅਤੇ ਇਸੇ ਰੰਜਿਸ਼ ਤਹਿਤ ਪਲਵਿੰਦਰ ਸਿੰਘ ਨੇ 28 ਅਗਸਤ ਨੂੰ ਦਿਨ ਦਿਹਾੜੇ ਉਕਤ ਕਾਰੀਗਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਲਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਆਈਪੀਸੀ ਦੀ ਧਾਰਾ 304 ਤਹਿਤ ਥਾਣਾ ਗੜ੍ਹਸ਼ੰਕਰ ਵਿਖੇ ਹੀ ਮੁਕੱਦਮਾ ਦਰਜ ਹੋਇਆ ਸੀ ਜਿਸ ਅਧੀਨ ਉਕਤ ਦੋਸ਼ੀ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਸੀ। ਪੁਲੀਸ ਅਨੁਸਾਰ ਦੋਸ਼ੀ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।