ਬਟਾਲਾ ਵਿਖੇ ਪਟਾਕਾ ਫੈਕਟਰੀ ਧਮਾਕੇ ’ਚ 22 ਮੌਤਾ, 50 ਤੋਂ ਵੱਧ ਜ਼ਖਮੀ
ਲੋਕਾਂ ਵੱਲੋਂ ਡੀ.ਸੀ., ਐੱਸ.ਡੀ. ਐਮ ਅਤੇ ਐੱਸ.ਐੱਸ.ਪੀ. ਬਟਾਲਾ ਨੂੰ ਡਿਸਮਿਸ ਕਰਨ ਦੀ ਮੰਗ
ਗੁਰਦਾਸਪੁਰ – ਬਟਾਲਾ ਵਿਖੇ ਜਲੰਧਰ ਮਾਰਗ ’ਤੇ ਸਥਿੱਤ ਬਾਲਮੀਕਿ ਆਸ਼ਰਮ ਨੇੜੇ ਇੱਕ ਪਟਾਕਾ ਫੈਕਟਰੀ ਵਿੱਚ ਅਚਾਨਕ ਧਮਾਕੇ ਨਾਲ 22 ਜਣਿਆਂ ਦੀ ਮੌਤ ਹੋ ਗਈ ਜਦੋਂ ਕਿ 50 ਦੇ ਕਰੀਬ ਹੋਰ ਜ਼ਖਮੀ ਹੋਏ ਹਨ। ਫੈਕਟਰੀ ਡਿੱਗਣ ਕਾਰਨ ਵੱਡੀ ਗਿਣਤੀ ਵਿੱਚ ਕਾਮੇ ਛੱਤ ਥੱਲੇ ਦੱਬੇ ਹੋਏ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮੁੱਖ ਮੰਤਰੀ ਵੱਲੋਂ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਖੇਤਰ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜ਼ੋਰਦਾਰ ਰਾਹਤ ਕਾਰਜ ਕੀਤੇ ਜਾ ਰਹੇ ਹਨ। ਟਰੈਫਿਕ ਜਾਮ ਕਾਰਨ ਰਾਹਤ ਕਰਮੀਆਂ ਨੂੰ ਕੁਝ ਮੁਸ਼ਕਿਲ ਪੇਸ਼ ਵੀ ਆ ਰਹੀ ਹੈ। ਇਹ ਇਲਾਕਾ ਬਹੁਤ ਸੰਘਣੀ ਅਬਾਦੀ ਵਾਲਾ ਹੈ। ਇਸ ਤੋਂ ਪਹਿਲਾਂ ਇਸ ਇਲਾਕੇ ’ਚ ਹੀ 21 ਜਨਵਰੀ 2017 ਨੂੰ ਅਜਿਹਾ ਹੀ ਇੱਕ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਸੀ, 3 ਜ਼ਖਮੀ ਹੋਏ ਸਨ ਅਤੇ ਕਈ ਦੁਕਾਨਾ ਤਬਾਹ ਹੋ ਗਈਆਂ ਸਨ। ਬਟਾਲਾ ’ਚ ਪਟਾਕਾ ਫੈਕਟਰੀ ‘ਚ ਹੋਏ ਭਿਆਨਕ ਧਮਾਕੇ ਨੇ ਸਾਰਾ ਸ਼ਹਿਰ ਹਿਲਾ ਕੇ ਰੱਖ ਦਿਤਾ ਹੈ, ਪਹਿਲਾਂ ਵੀ ਇਸ ਪਟਾਕਾ ਫੈਕਟਰੀ ਨੂੰ ਚੁੱਕਣ ਅਤੇ ਬੰਦ ਕਰਨ ਦੀਆਂ ਜ਼ੋਰਦਾਰ ਅਵਾਜਾ ਉਠਦੀਆਂ ਰਹੀਆਂ ਹਨ, ਪਰ ਪ੍ਰਸਾਸ਼ਨ ਦੇ ਕੰਨਾ ‘ਤੇ ਜੂੰ ਤਕ ਨਹੀਂ ਸਰਕੀ। ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਲਈ ਸ਼ਾਮ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਆਉਣੀ ਸੀ, ਲੇਕਿਨ ਅਚਾਨਕ ਐਨਾ ਵੱਡਾ ਹਾਦਸਾ ਹੋਣ ਨਾਲ ਸਾਰੀਆਂ ਖੁਸ਼ੀਆਂ ਕਹਿਰ ਵਿਚ ਬਦਲ ਗਈਆਂ ਹਨ, ਖ਼ਬਰ ਲਿਖੇ ਜਾਣ ਤੱਕ ਸ਼ਾਮ 8 ਵਜੇ ਤਕ ਬਟਾਲਾ ਦੇ ਸਿਵਲ ਹਸਪਤਾਲ ਵਿਚ 21 ਦੇ ਕਰੀਬ ਲਾਸ਼ਾਂ ਆ ਚੁਕੀਆਂ ਹਨ ਅਤੇ 50 ਤੋਂ ਵੱਧ ਜ਼ਖਮੀ ਹੋ ਗਏ ਹਨ. ਜਿਨ੍ਹਾਂ ਵਿੱਚੋ 4 ਦੀ ਹਾਲਤ ਗੰਭੀਰ ਹੈ ਅਤੇ ਉਨਾਂ ਨੂੰ ਅੰਮਿ੍ਰਤਸਰ ਰੈਫ਼ਰ ਕਰ ਦਿਤਾ ਗਿਆ ਹੈ। ਧਮਾਕੇ ਕਾਰਨ ਬਟਾਲੇ ਦੇ ਲੋਕਾਂ ਦਾ ਬਹੁਤ ਵੱਡਾ ਰੋਸ ਹੈ ਕਿ ਦੁਕਾਨਾਂ ਅਤੇ ਘਰਾਂ ਵਿਚ ਬਣੀ ਪਟਾਕਾ ਫੈਕਟਰੀ ਨੂੰ ਹੁਣ ਤਕ ਬੰਦ ਕਿਉ ਨਹੀਂ ਕਰਵਾਇਆ ਗਿਆ। ਇਸੇ ਗੁੱਸੇ ਕਰਕੇ ਲੋਕਾਂ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜਿਲੇ ਦੇ ਡਿਪਟੀ ਕਮਿਸਨਰ, ਐੱਸ.ਡੀ ਐੱਮ ਬਟਾਲਾ ਅਤੇ ਸੰਬੰਧਿਤ ਐੱਸ.ਐੱਸ.ਪੀ ਨੂੰ ਸਸਪੈਂਡ ਨਹੀਂ ਡਿਸਮਿਸ ਕੀਤਾ ਜਾਵੇ।ਇਸ ਦੌਰਾਨ ਪੰਜਾਬ ਪੁਲਸ ਅਤੇ ਰੈਸਕਿਊ ਟੀਮਾਂ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਅਤੇ ਸਮਾਜ ਸੇਵਕਾਂ ਨੇ ਅਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿਚ ਮੌਕੇ ਤੇ ਪਹੁੰਚ ਕੇ ਰਾਹਤ ਕਾਰਜਾਂ ਵਿੱਚ ਹੱਥ ਵਟਾਇਆ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ।