ਪੀ.ਐਸ.ਪੀ.ਸੀ.ਐਲ. ਵੱਲੋਂ ਵੱਡੇ ਪੱਧਰ ’ਤੇ ਭਰਤੀਆਂ ਕਰਨ ਦਾ ਫੈਸਲਾ; 1745 ਅਸਾਮੀਆਂ ਭਰੀਆਂ ਜਾਣਗੀਆਂ
ਮੁੱਖ ਮੰਤਰੀ ਦੇ ਸੁਪਨਮਈ ਪ੍ਰਾਜੈਕਟ ‘ਘਰ ਘਰ ਰੋਜ਼ਗਾਰ’ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਹੋਵੇਗਾ ਅਹਿਮ ਯੋਗਦਾਨ
ਚੰਡੀਗੜ – ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸ਼ੁਰੂ ਕੀਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਤੇ ਮਹੱਤਵਪੂਰਨ ਪ੍ਰਾਜੈਕਟ ‘ਘਰ ਘਰ ਰੋਜ਼ਗਾਰ ਮਿਸ਼ਨ’ ਨੂੰ ਹੁਲਾਰਾ ਦਿੰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ) ਨੇ ਵੱਡੇ ਪੱਧਰ ’ਤੇ ਨੌਜਵਾਨਾਂ ਦੀ ਭਰਤੀ ਕਰਨ ਦਾ ਫੈਸਲਾ ਲੈਂਦਿਆਂ ਵੱਖ-ਵੱਖ ਅਹੁਦਿਆਂ ਦੀਆਂ 1745 ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ। ਪੀ.ਐਸ.ਪੀ.ਸੀ.ਐਲ ਦੇ ਚੀਫ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਇਸ ਭਰਤੀ ਨਾਲ ਜਿੱਥੇ ਸੂਬੇ ਦੇ ਨੌਜਵਾਨਾਂ ਰੋਜ਼ਗਾਰ ਮਿਲੇਗਾ ਉਥੇ ਪੰਜਾਬ ਦੇ ਲੋਕਾਂ ਨੂੰ ਸਸਤੀ ਤੇ ਨਿਰਵਿਘਨ ਬਿਜਲੀ ਸੇਵਾ ਵੀ ਪ੍ਰਦਾਨ ਹੋਵੇਗੀ।ਇੰਜਨੀਅਰ ਸਰਾਂ ਨੇ ਅੱਗੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਯੋਗ ਉਮੀਦਵਾਰਾਂ ਤੋਂ ਆਨਲਾਈਨ ਬਿਨੇ ਪੱਤਰ ਮੰਗੇ ਹਨ ਜਿਸ ਸਬੰਧੀ ਸਾਰੀ ਜਾਣਕਾਰੀ ਤੇ ਤਰੀਕਾ ਪੋਰਟਲ ਉਪਰ ਦਿੱਤਾ ਗਿਆ ਹੈ।ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਇਨਾਂ ਆਸਾਮੀਆਂ ਲਈ ਇੱਕ ਆਊਟ ਸੋਰਸਡ ਏਜੰਸੀ ਵੱਲੋਂ ਪ੍ਰੀਖਿਆ ਲਈ ਜਾਵੇਗੀ। ਇਸ ਉਪਰੰਤ ਨਤੀਜਾ ਐਲਾਨਿਆ ਜਾਵੇਗਾ ਅਤੇ ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਚੈਕ ਕਰਵਾਉਣ ਲਈ ਬੁਲਾਇਆ ਜਾਵੇਗਾ। ਦਸਤਾਵੇਜ਼ਾਂ ਦੀ ਪੜਤਾਲ ਪਿੱਛੋਂ ਚੁਣੇ ਹੋਏ ਉਮੀਦਵਾਰਾਂ ਨੂੰ ਚੋਣ ਪੈਨਲ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਨਾਂ ਆਸਾਮੀਆਂ ਲਈ ਕੋਈ ਇੰਟਰਵਿਊ ਨਹੀਂ ਹੋਵੇਗੀ ਸਗੋਂ ਉਮੀਦਵਾਰਾਂ ਦੀ ਚੋਣ ਨਿਰੋਲ ਰੂਪ ਵਿੱਚ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ।ਆਸਾਮੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਇੰਜਨੀਅਰ ਸਰਾਂ ਨੇ ਦੱਸਿਆ ਕਿ 1000 ਲੋਅਰ ਡਵੀਜ਼ਨ ਕਲਰਕ, 500 ਜੂਨੀਅਰ ਇੰਜਨੀਅਰ/ਇਲੈਕਟ੍ਰੀਕਲ, 110 ਜੂਨੀਅਰ ਇੰਜਨੀਅਰ/ਸਿਵਲ, 54 ਮਾਲ ਲੇਖਾਕਾਰ, 45 ਇਲੈਕਟ੍ਰੀਕਲ ਗਰੇਡ-2, 26 ਸੁਪਰਡੈਂਟ (ਡਿਵੀਜ਼ਨਲ ਅਕਾਊਂਟਸ), 50 ਸਟੈਨੋਟਾਈਪਿਸਟ, 9 ਇੰਟਰਨਲ ਆਡੀਟਰ ਅਤੇ 4 ਅਕਾਊਂਟ ਅਫਸਰਾਂ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਹੈ। ਇਹ ਭਰਤੀ ਪ੍ਰਕਿਰਿਆ 6 ਤੋਂ 8 ਮਹੀਨਿਆਂ ਦਰਮਿਆਨ ਮੁਕੰਮਲ ਕਰ ਲਈ ਜਾਵੇਗੀ। ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਇਨਾਂ ਆਸਾਮੀਆਂ ਦੀ ਭਰਤੀ ਨਾਲ ਜਿੱਥੇ ਪੀ.ਐਸ.ਪੀ.ਸੀ.ਐਲ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ ਉਥੇ ਹੀ ਪੰਜਾਬ ਦੀ ਬੇਰੁਜ਼ਗਾਰੀ ਘਟੇਗੀ ਤੇ ਵਿਭਾਗ ਦੀ ਕਾਰਜਕੁਸ਼ਲਤਾ ਵੀ ਵਧੇਗੀ। ਟਰਾਂਸਮਿਸ਼ਨ ਤੇ ਵੰਡ ਦੇ ਘਾਟੇ ਘਟਣ ਨਾਲ ਸੂਬਾ ਵਾਸੀਆਂ ਨੂੰ ਸਸਤੀ ਤੇ ਨਿਰਵਿਘਨ ਬਿਜਲੀ ਸੇਵਾ ਮੁਹੱਈਆ ਹੋਵੇਗੀ।ਇੰਜਨੀਅਰ ਸਰਾਂ ਨੇ ਇਹ ਵੀ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਮਾਰਚ 2017 ਤੋਂ ਲੈ ਕੇ ਹੁਣ ਤੱਕ ਢਾਈ ਸਾਲ ਦੇ ਅਰਸੇ ਦੌਰਾਨ 1035 ਮਿ੍ਰਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਵੀ ਨੌਕਰੀ ਦਿੱਤੀ ਗਈ ਜਿਨਾਂ ਵਿੱਚੋਂ 824 ਨੂੰ ਦਰਜਾ ਤਿੰਨ ਅਤੇ 211 ਨੂੰ ਦਰਜਾ ਚਾਰ ਵਿੱਚ ਨੌਕਰੀ ਦਿੱਤੀ ਗਈ ਹੈ।