ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਪੋਸ਼ਣ ਮਾਹ’ ਵਿਸ਼ੇ ’ਤੇ ਸੂਬਾ ਪੱਧਰੀ ਵਰਕਸ਼ਾਪ ਦਾ ਆਯੋਜਨ
ਕੁਪੋਸ਼ਨ ਦੀ ਜੜ੍ਹ ਪੁੱਟਣ ਲਈ ਜਨ-ਅੰਦੋਲਨ ਚਲਾਉਣ ਦੀ ਲੋੜ: ਅਰੁਨਾ ਚੌਧਰੀ
ਚੰਡੀਗੜ੍ਹ – ‘‘ਦੇਸ਼ ਨੂੰ ਕੁਪੋਸ਼ਨ ਮੁਕਤ ਕਰਨ ਲਈ ਜਨ-ਅੰਦੋਲਨ ਚਲਾਉਣ ਦੀ ਜ਼ਰੂਰਤ ਹੈ ਤਾਂ ਜੋ ਜਨਮ ਲੈਣ ਵਾਲੇ ਬੱਚੇ ਅਤੇ ਮਾਂ ਨੂੰ ਪੌਸ਼ਟਿਕ ਖੁਰਾਕ ਦੇਣ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇੱਥੇ ‘ਰਾਸ਼ਟਰੀ ਪੋਸ਼ਣ ਮਾਹ’ ਮਨਾਉਣ ਸਬੰਧੀ ਕਰਵਾਈ ਗਈ ਵਰਕਸ਼ਾਪ ਮੌਕੇ ਕੀਤਾ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਪੋਸ਼ਣ ਮਾਹ ਮਨਾਉਣਾ ਬਹੁਤ ਹੀ ਚੰਗਾ ਉਪਰਾਲਾ ਹੈ ਅਤੇ ਇਸਨੂੰ ਜਨ-ਅੰਦੋਲਨ ਦੇ ਰੂਪ ’ਚ ਅੱਗੇ ਲਿਜਾਣ ਦੀ ਜ਼ਰੂਰਤ ਹੈ ਤਾਂ ਜੋ ਕੁਪੋਸ਼ਣ ਦੀ ਜੜ੍ਹ ਪੁੱਟੀ ਜਾ ਸਕੇ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤ ਤਾਂ ਹੀ ਸਿਹਤਮੰਦ ਤੇ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ, ਜੇਕਰ ਉਸਨੂੰ ਪੌਸ਼ਟਿਕ ਆਹਾਰ ਮਿਲੇ। ਉਨ੍ਹਾਂ ਕਿਹਾ ਕਿ ਨਵਾਂ ਜੀਵਨ ਪ੍ਰਦਾਨ ਕਰਨ ਵਾਲੀ ਮਾਂ ਨੂੰ ਜੇਕਰ ਸਹੀ ਭੋਜਨ ਨਹੀਂ ਮਿਲੇਗਾ ਤਾਂ ਜਨਮ ਲੈਣ ਵਾਲਾ ਬੱਚਾ ਕੁਪੋਸ਼ਨ ਦਾ ਸ਼ਿਕਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਪੋਸ਼ਨ ਵਾਲਾ ਬੱਚਾ ਆਪਣੇ ਪੂਰੇ ਜੀਵਨ ਦੌਰਾਨ ਹੀਣ ਭਾਵਨਾ ਦਾ ਸ਼ਿਕਾਰ ਰਹਿੰਦਾ ਹੈ ਅਤੇ ਸਰੀਰਕ ਤੇ ਮਾਨਸਿਕ ਤੌਰ ਉੱਤੇ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ। ਉਨ੍ਹਾਂ ਨੇ ਪੋਸ਼ਣ ਮਾਹ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਤੰਦਰੁਸਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗਰਭਵਤੀ ਔਰਤਾਂ ਅਤੇ ਨਵ-ਜੰਮੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਪ੍ਰਮੁੱਖ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਨੇ ਆਪਣੇ ਸੰਬੋਧਨ ਦੌਰਾਨ ‘ਪੋਸ਼ਣ ਮਾਹ’ ਦੇ ਉਦੇਸ਼ਾਂ ਅਤੇ ਜ਼ਰੂਰਤਾਂ ਨੂੰ ਪ੍ਰਮੁੱਖਤਾ ਨਾਲ ਉਭਾਰਦਿਆਂ ਕਿਹਾ ਕਿ 8 ਮਾਰਚ, 2018 ਨੂੰ ਕੌਮੀ ਪੱਧਰ ਉੱਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸਨੂੰ ਸਫਲ ਬਣਾਉਣ ਲਈ ਇਸਦੇ ਟੀਚਿਆਂ ਸਬੰਧੀ ਸਪੱਸ਼ਟਤਾ ਹੋਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਵਿਸ਼ਥਾਰਪੂਰਬਕ ਢੰਗ ਨਾਲ ਕੁਪੋਸ਼ਣ ਤੋਂ ਮੁਕਤੀ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਕੁਪੋਸ਼ਣ ਤੋਂ ਮੁਕਤੀ ਲਈ ਪੰਜ ਸੂਤਰੀ ਫਾਰਮੂਲੇ ਬਾਰੇ ਜਾਣਕਾਰੀ ਦਿੰਦਿਆਂ ਪੌਸ਼ਟਿਕ ਆਹਾਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੀਡੀਆ ਦੇ ਵੱਖੋ-ਵੱਖ ਸਾਧਨਾਂ ਰਾਹੀਂ ਪ੍ਰਚਾਰ ਦੀ ਲੋੜ ’ਤੇ ਵੀ ਜ਼ੋਰ ਦਿੱਤਾ।ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਸੂਬੇ ਨੂੰ ਕੁਪੋਸ਼ਣ ਮੁਕਤ ਕਰਨ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ, ਸਥਾਨਕ ਸਰਕਾਰਾਂ, ਸਿਹਤ ਤੇ ਪਰਿਵਾਰ ਭਲਾਈ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਹੁਨਰ ਵਿਕਾਸ, ਜਲ ਸਪਲਾਈ ਤੇ ਸੈਨੀਟੇਸ਼ਨ, ਯੁਵਕ ਸੇਵਾਵਾਂ ਤੇ ਖੇਡ ਵਿਭਾਗ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਾਂਝੇ ਯੋਗਦਾਨ ਅਤੇ ਆਪਸੀ ਤਾਲਮੇਲ ’ਤੇ ਜ਼ੋਰ ਦਿੱਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਨੇ ਪੌਸ਼ਟਿਕ ਆਹਾਰ ਦੀ ਮਹੱਤਤਾ ਤੋਂ ਇਲਾਵਾ ਅਨੀਮੀਆ (ਖੂਨ ਦੀ ਕਮੀ) ਅਤੇ ਡਾਇਰੀਆ ਵਰਗੀਆਂ ਬਿਮਾਰੀਆਂ ਨੂੰ ਹਰਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਆਪਣਾ ਐਕਸ਼ਨ ਪਲਾਨ ਪੇਸ਼ ਕੀਤਾ।ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੀ ਜੁਆਇੰਟ ਸਕੱਤਰ ਸ੍ਰੀਮਤੀ ਅਨੁਰਾਧਾ ਚਾਗਤੀ ਨੇ ਆਪਣੇ ਸੰਬੋਧਨ ’ਚ ਭਾਰਤ ਸਰਕਾਰ ਦੇ ਇਸ ਅਭਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਆਂਗਨਵਾੜੀ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਪੋਸ਼ਣ ਮਾਹ ਦੀ ਟੀਚਿਆਂ ਨੂੰ ਹਾਸਲ ਕਰਨ ਵਿੱਚ ਬੇਹੱਦ ਸਹਾਈ ਸਾਬਤ ਹੋਣਗੇ। ਸ. ਕਾਹਨ ਸਿੰਘ ਪੰਨੂ, ਮਿਸ਼ਨ ਡਾਇਰੈਕਟਰ ਤੰਦਰੁਸਤ ਪੰਜਾਬ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸੂਬਾ ਕੁਦਰਤੀ ਨਿਆਂਮਤਾਂ ਨਾਲ ਭਰਪੂਰ ਹੈ ਅਤੇ ਲੋਕਾਂ ਨੂੰ ਪਾਣੀ ਦੀ ਜਾਂਚ ਕਰਵਾ ਕੇ ਹੀ ਆਰ.ਓ. ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੇਵਜ੍ਹਾ ਆਰ.ਓ. ਲਗਾਉਣ ਨਾਲ ਲੋਕ ਮਿਨਰਲ ਰਹਿਤ ਪਾਣੀ ਪੀ ਰਹੇ ਹਨ ਅਤੇ ਜਿਸ ਕਾਰਨ ਉਹ ਮਾਨਸਿਕ ਤੇ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਬਣ ਰਹੇ ਹਨ ਅੱਜ ਦੀ ਇਸ ਵਰਕਸ਼ਾਪ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਿਪਟੀ ਡਾਇਰੈਕਟਰ (ਪ੍ਰਬੰਧ) ਸ੍ਰੀਮਤੀ ਦਮਨਦੀਪ ਕੌਰ ਦੀ ‘ਸੁਪੋਸ਼ਣ ਗੋਦ ਭਰਾਈ’ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਵਿਭਾਗ ਦਾ ਲੋਗੋ ਡਿਜ਼ਾਈਨ ਕਰਨ ਲਈ ਸ਼ਿਰੀਨ ਹਸਨੈਨ ਅਤੇ ਅੰਜਲੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿਭਾਗ ਦੀਆਂ ਵੱਖੋ ਵੱਖ ਸਕੀਮਾਂ ਨੂੰ ਦਰਸਾਉਂਦਾ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਹਾਜ਼ਰ ਡੈਲੀਗੇਟਾਂ ਨੇ ਪੌਸ਼ਟਿਕ ਆਹਾਰ ਦੇ ਵਿਸ਼ੇ ਸਬੰਧੀ ਕਵਿਤਾਵਾਂ ਅਤੇ ਨਾਅਰੇ ਵੀ ਲਿਖੇ। ਇਸ ਤੋ ਇਲਾਵਾ ਪਰੰਪਰਾਗਤ ਪੰਜਾਬੀ ਖਾਣੇ ਬਣਾਉਣ ਸਬੰਧੀ ਇਕ ਮੁਕਾਬਲੇ ਦਾ ਆਗਾਜ਼ ਵੀ ਕੀਤਾ ਗਿਆ।