September 9, 2024
#ਦੇਸ਼ ਦੁਨੀਆਂ

ਪੋਂਪਿਓ ਵੱਲੋਂ ਤਾਲਿਬਾਨ ਨਾਲ ਕੀਤੇ ਸ਼ਾਂਤੀ ਸਮਝੌਤੇ ਤੇ ਦਸਤਖਤ ਤੋਂ ਇਨਕਾਰ

ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਆਪਣੇ ਵਿਸ਼ੇਸ਼ ਦੂਤ ਵੱਲੋਂ ਤਾਲਿਬਾਨ ਨਾਲ ਕੀਤੇ ਗਏ ਅਨਿਸ਼ਚਿਤ ਸ਼ਾਂਤੀ ਸਮਝੌਤੇ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਕਿਉਂਕਿ ਉਸ ਵਿਚ ਅਲ-ਕਾਇਦਾ ਵਿਰੁੱਧ ਲੜਾਈ ਲਈ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਦੀ ਮੌਜੂਦਗੀ ਜਾਂ ਫਿਰ ਕਾਬੁਲ ਵਿੱਚ ਅਮਰੀਕੀ ਸਮਰਥਿਤ ਸਰਕਾਰ ਦੇ ਸੰਬੰਧ ਵਿਚ ਕੁਝ ਵੀ ਸਪੱਸ਼ਟ ਨਹੀਂ ਹੈ| ਪੋਂਪਿਓ ਨੇ ਅਫਗਾਨਿਸਤਾਨ ਤੇ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਲਮਯ ਖਲੀਲਜ਼ਾਦ ਵੱਲੋਂ ਤਾਲਿਬਾਨ ਨਾਲ 9 ਦੌਰ ਦੀ ਵਾਰਤਾ ਦੇ ਬਾਅਦ ਕੀਤੇ ਸਮਝੌਤੇ ਤੇ ਦਸਤਖਤ ਤੋਂ ਇਨਕਾਰ ਕਰ ਦਿੱਤਾ ਹੈ| ਅਫਗਾਨਿਸਤਾਨ, ਯੂਰਪੀ ਸੰਘ ਅਤੇ ਟਰੰਪ ਪ੍ਰਸ਼ਾਸਨ ਦੇ ਬੇਨਾਮ ਅਧਿਕਾਰੀਆਂ ਦੇ ਹਵਾਲੇ ਨਾਲ ਲਿਖੀ ਗਈ ਇਸ ਖਬਰ ਮੁਤਾਬਕ ਸਮਝੌਤਾ ਅਲ-ਕਾਇਦਾ ਵਿਰੁੱਧ ਲੜਨ ਲਈ ਅਮਰੀਕੀ ਬਲਾਂ ਦੀ ਅਫਗਾਨਿਸਤਾਨ ਵਿਚ ਮੌਜੂਦਗੀ, ਕਾਬੁਲ ਵਿੱਚ ਅਮਰੀਕਾ ਸਮਰਥਿਤ ਸਰਕਾਰ ਦੀ ਸਥਿਰਤਾ ਅਤੇ ਇੱਥੋਂ ਤੱਕ ਕਿ ਅਫਗਾਨਿਸਤਾਨ ਵਿੱਚ ਲੜਾਈ ਦੇ ਅੰਤ ਤੱਕ ਦੀ ਗਾਰੰਟੀ ਨਹੀਂ ਦਿੰਦਾ ਹੈ| ਖਲੀਲਜ਼ਾਦ ਦੇ ਨਾਲ ਸਮਝੌਤੇ ਦੌਰਾਨ ਮੌਜੂਦ ਰਹੇ ਇਕ ਅਫਗਾਨ ਅਧਿਕਾਰੀ ਦਾ ਕਹਿਣਾ ਹੈ,”ਕੋਈ ਵੀ ਪੱਕੇ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ| ਕੋਈ ਵੀ ਨਹੀਂ|” ਉਨ੍ਹਾਂ ਦਾ ਕਹਿਣਾ ਹੈ,”ਸਭ ਕੁਝ ਹੁਣ ਆਸ ਤੇ ਆਧਾਰਿਤ ਹੈ| ਕਿਤੇ ਕੋਈ ਵਿਸ਼ਵਾਸ ਨਹੀਂ ਹੈ| ਵਿਸ਼ਵਾਸ ਦਾ ਤਾਂ ਕੋਈ ਇਤਿਹਾਸ ਵੀ ਨਹੀਂ ਹੈ| ਤਾਲਿਬਾਨ ਵੱਲੋਂ ਈਮਾਨਦਾਰੀ ਅਤੇ ਭਰੋਸੇ ਦਾ ਕੋਈ ਇਤਿਹਾਸ ਹੀ ਨਹੀਂ ਹੈ|” ਇਕ ਸਮਾਚਾਰ ਏਜੰਸੀ ਮੁਤਾਬਕ ਤਾਲਿਬਾਨ ਨੇ ਪੋਂਪਿਓ ਨੂੰ ‘ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ’ ਦੇ ਨਾਲ ਦਸਤਖਤ ਕਰਨ ਲਈ ਕਿਹਾ ਹੈ| ਇੱਥੇ ਦੱਸ ਦਈਏ ਕਿ ‘ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ’ 1996 ਵਿਚ ਤਾਲਿਬਾਨ ਵੱਲੋਂ ਅਫਗਾਨਿਸਤਾਨ ਵਿਚ ਸਥਾਪਿਤ ਸਰਕਾਰ ਦਾ ਅਧਿਕਾਰਕ ਨਾਮ ਹੈ|